Tuesday, April 28, 2015

ਕਵਿਤਾ/ਨਜ਼ਮ

ਕਾਫ਼ਿਲੇ ਦਾ ਪਾਂਧੀ  (ਰਤਨ ਟਾਹਲਵੀ)
                                                      

ਉਦੋਂ
ਮੈਂ ਵੀ ਉਸ ਕਾਫ਼ਿਲੇ ਦਾ ਪਾਂਧੀ ਸਾਂ
ਜੋ ਪਰਾਈ ਧਰਤੀ ਨੂੰ
ਰਾਜਕ ਰਹੀਮ ਮੰਨ
ਸੱਤਾਂ ਪਾਣੀਆਂ ਨੂੰ ਪਾਰ ਕਰੀ ਜਾ ਰਿਹਾ ਸੀ
ਕੁਝ ਮੇਰੇ ਵਰਗੇ,
ਮਜ਼ਬੂਰੀ ਤੇ ਪੇਟ ਖਾਤਰ
ਕੁਝ ਸਰਦੇ ਪੁੱਜਦੇ ਘਰਾਂ ਦੇ
ਆਪਣੇ ਅਰਥਚਾਰੇ ਨੂੰ
ਵੱਡੇ ਤੋਂ ਵੱਡੇ ਅੰਕ ਨਾਲ ਜ਼ਰਬ ਦੇਣ ਲਈ                                                            

ਬੱਸ,                                                                                                                     
ਸਭ ਚਲਦੇ ਹੀ ਜਾ ਰਹੇ ਸਨ।

ਕੁਝ ਮੇਰੇ ਵਰਗੇ
ਭੂ-ਹੇਰਵੇ ਦੇ ਆਲਮ ਵਿੱਚ ਗ਼ਮਗੀਨ, ਕੁਝ ਨਿਰਮੋਲੇ
ਸਮੁੰਦਰੀ ਛੱਲਾਂ ਵਿੱਚ ਰੂਹ ਨੂੰ ਭਿਉਂਦੇ।
ਬਸ ਜਾ ਹੀ ਰਹੇ ਸਨ।
ਅਚਾਨਕ
ਸੱਤਾਂ ਪਾਣੀਆਂ ਉੱਤੇ
ਪਰਾਈ ਧਰਤੀ ਦੇ ਰਾਜ ਕਰਨ ਵਾਲੇ
ਰਾਜ਼ਕ ਰਹੀਮਾਂ
ਸ਼ੈਤਾਨ, ਹੈਵਾਨ ਦੇ ਆਸਰੇ
ਮੌਤ ਦਾ ਮੰਜ਼ਰ ਬਰਸਾ ਦਿੱਤਾ।
ਅੱਖ ਦੇ ਫੋਰ ਵਿਚ ਕੀ ਨਿਰਮੋਹੇ, ਕੀ ਮਜ਼ਬੂਰ
ਸਭ ਪਾਣੀਆਂ ਸੰਗ ਪਾਣੀ ਹੋ ਗਏ।
ਤੇ-
ਅੱਜ ਵੀ
ਉਹ ਮੰਜ਼ਰ, ਅੱਖਾਂ ਸਾਹਵੇਂ ਤਾਂ ਆਉਂਦਾ ਏ
ਪਰ ਰਾਜ਼ਕ ਰਹੀਮ ਦੀਆਂ ਅੱਖਾਂ ਅੱਗੇ ਨਹੀਂ
ਜੇ ਆਉਂਦਾ ਹੈ ਉਹ ਪਰਦਾ।


ਰਤਨ ਟਾਹਲਵੀ

2 comments:

  1. ਰਤਨ ਟਾਹਲਵੀ ਦਾ ਨਾਂ ਅੱਜ ਸ਼ਾਇਦ ਹੀ ਕਿਸੇ ਜਾਣ-ਪਛਾਣ ਦਾ ਮੁਥਾਜ ਹੈ। ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿਚ ਇਸ ਨਾਂ ਲਈ ਇਕ ਵਿਸ਼ੇਸ਼ ਥਾਂ ਹੈ। ਆਪਣੀ ਸੁਹਿਰਦ ਅਤੇ ਸੱਭਿਆਚਾਰਕ ਲੇਖਣੀ ਕਰਕੇ ਇਹ ਅਨੇਕਾਂ ਹੀ ਵਾਰ ਸਨਮਾਨਿਤ ਹੋ ਚੁੱਕੇ ਹਨ। ਖੁੱਲੇ-ਡੁੱਲੇ ਅਤੇ ਸਾਊ ਸੁਭਾਅ ਦੇ ਇਸ ਪ੍ਰੌੜ ਗੀਤਗਾਰ ਦਾ ਜਨਮ ਜਿਲਾ ਕਪੂਰਥਲਾ ਵਿੱਚ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਟਾਹਲੀ, ਪਿਤਾ ਸਵ.ਸ. ਚਰਨ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜ ਕੌਰ ਦੀ ਕੁਖੋਂ ਸਾਲ 1956 ਵਿੱਚ ਹੋਇਆ। ਬਚਪਨ ਇੱਕ ਆਮ ਬੱਚੇ ਵਾਂਗ ਇਸ ਪਿੰਡ ਦੀਆਂ ਵਾਦੀਆਂ, ਸ਼ਾਂਤ ਵਗਦੇ ਦਰਿਆ ਦੇ ਮਨਚਲੇ ਪਾਣਿਆਂ ਨਾਲ ਅਠਖੇਲੀਆਂ ਕਰਦਿਆਂ ਅਤੇ ਇਹਨਾਂ ਦੇ ਗੀਤ ਗਾਉਂਦਿਆਂ ਹੀ ਗੁਜ਼ਰਿਆ। ਅਤੇ ਅੱਜ ਕਾਵਿ ਵਿਧਾ ਦੇ ਖੇਤਰ ਵਿੱਚ ਆਪਣੀਆਂ ਦਸ ਕੁ ਕਿਤਾਬਾਂ ਪੰਜਾਬੀ ਜਗਤ ਦੀ ਝੋ਼ਲੀ ਵਿੱਚ ਪਾ ਚੁੱਕੇ ਹਨ।
    ਦੂਆ ਕਰਦੇ ਹਾਂ ਕਿ ਪ੍ਰਮਾਤਮਾਂ ਇਹਨਾਂ ਦੀ ਉਮਰ ਲੰਮੀ ਕਰੇ ਤਾਂ ਜੋ ਇਹ ਇਸੇ ਹੀ ਤਰਾਂ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ।

    ReplyDelete
  2. ਰਤਨ ਟਾਹਲਵੀ ਬਾਰੇ ਦਿੱਤੀ ਜਾਣਕਾਰੀ ਪੜ੍ਹ ਕੇ ਚੰਗਾ ਲੱਗਾ। ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ !

    ReplyDelete