Friday, March 30, 2012

ਟਿੱਪਣੀ


ਚਮਤਕਾਰ ਕੋ ਨਮਸਕਾਰ.......ਤੇ......ਸਤਿ ਸ਼੍ਰੀ ਅਕਾਲ !
ਮੈਂ, ਮਿੰਟੂ ਬਰਾੜ ਹੁਰਾਂ ਦਾ ਲੇਖ "ਚਮਤਕਾਰ ਕੋ ਨਮਸਕਾਰ" (By Sri Mintu Brar ji published in punjabi lekhak.com) ਪੜ੍ਹਦਿਆਂ ਕਿਤੇ-ਕਿਤੇ ਮਿੰਨ੍ਹਾ ਜਿਹਾ ਹੱਸਿਆ, ਕਦੇ ਗੰਭੀਰ ਹੋਇਆ , ਨਾਲੇ ਭੋਰਾ ਕੁ ਡਰਿਆ ਵੀ। ਅੰਤ ਵਿੱਚ ਸੋਚਿਆ ਕਿ ਜੇ ਆਪ ਨੂੰ ਵੀ "ਬਾਬੇ" ਦਾ ਖਿਤਾਬ ਦੇ ਦਿਆਂ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। "ਬਾਬਾ ਮਿੰਟੂ ਬਰਾੜ"ਭਾਜੀ ਗੁਸਤਾਖ਼ੀ ਮੁਆਫ਼ !ਜਿਵੇਂ "ਲੋਹੇ ਨੂੰ ਲੋਹਾ ਕੱਟਦਾ ਹੈਉਵੇਂ ਹੀ ਭਾਜੀ ਹੋਰਾਂ ਆਪਣੇ ਗਿਆਨ ਦੇ "ਸੁਦਰਸ਼ਨ ਚੱਕਰ" ਨਾਲ ਬੀਬੀ ਦੇ "ਮਹਾਂ-ਗਿਆਨ" ਦੀਆਂ ਧੱਜੀਆਂ ਉਡਾਈਆਂ ਹਨ। ਇਸ ਤੇ ਹਰ ਸੁਹਿਰਦ ਪੰਜਾਬੀ ਨੂੰ ਮਿੰਟੂ ਵੀਰ ਦੀ ਪਿੱਠ ਠੋਕਣੀ ਬਣਦੀ ਹੈ। ਪਰ ਡਰਦਾ ਹਾਂ ਕਿ ਆਪ ਦੇ ਸੁਦਰਸ਼ਨ ਚੱਕਰ ਦੀ ਕਾਟ ਲਈ ਬੀਬੀ ਕਿਤੇ ਕੋਈ.. "ਵਿਘਨ-ਚੱਕਰ" ਜਾਂ ਕੋਈ "ਘਣ-ਚੱਕਰ" ਹੀ ਨਾ ਘੜਦੀ ਹੋਵੇ। ਕਹਿਣ ਤੋਂ ਭਾਵ ਆਪ ਜੀ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ, ਬੀਬੀ ਨੇ ਆਪ ਉੱਪਰ ਜੋ "ਮੁੱਠ ਚਲਾਉਣੀ" ਹੈ ਜਾਂ ਕੋਈ ਪਲੇਠਾ ਛੱਡਣਾਹੈ, ਪਹਿਲੀ ਗੱਲ ਤਾਂ ਇਹ ਆਸਟ੍ਰੇਲੀਆ ਤੱਕ ਪਹੁੰਚਦਾ ਨਹੀਂ, ...ਪਰ ਜੇ ਇਹ ਪਹੁੰਚ ਵੀ ਗਿਆ ਤਾਂ.....ਇਸ ਦਾ ਮੁਕਾਬਲਾ ਹੌਸਲੇ ਅਤੇ ਦ੍ਰਿੜ ਇਰਾਦੇ ਨਾਲ਼ਕੋਈ ਨਵਾਂ ਸ਼ਸਤਰ ਅਰਜਿਤ ਕਰ ਕੇ ਕਰਨਾ। ਕਿਉਂਕਿ ਭਾਜੀ ਸੁਣਿਆ ਹੈ, ਅੱਜਕੱਲ ਪਲੇਠੇ ਵੀ ਲੋਅ ਦੀ ਰਫਤਾਰ ਨਾਲ ਚਲਦੇ ਹਨ
ਸੱਚੀਂ ! ਜੇ ਆਪ ਦੋ ਸਾਲ ਜੋਤਸ਼ ਦੀ ਪੜਾਈ ਕਰਕੇ ਉਹੀ ਬਾਬਿਆਂ ਵਾਲਾ ਕੰਮ ਕਰ ਲੈਂਦੇ ਤਾਂ ਆਪ ਦੀਆਂ ਪੌਂ-ਬਾਰਾਂ ਹੋਣੀਆਂ ਸਨ। ਐਸ਼ੋ-ਆਰਾਮ ਵਾਧੂ। ਆਪਦੇ ਅੱਗੇ-ਪਿੱਛੇ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਹਿੰਦਾ। ਸੇਵਾਦਾਰ ਬੀਬੇ ਅਤੇ ਬੀਬੀਆਂਆਪ ਦੇ ਚੌ ਪਾਸੇ ਘੁੰਮਦੇ ਰਹਿਣੇ ਸਨ। ਫਿਰ ਆਪ ਦਾ ਨਾਂ ਵੀ ਕੋਈ ਅਵੱਲਾ ਜਿਹਾ ਹੋਣਾ ਸੀ ਜਿਵੇਂ, ”ਬਾਬਾ ਗੋਲੀਆਂ ਵਾਲਾ” ”ਜਟਾਵਾਂ ਵਾਲਾ ਸਾਧਜਾਂ ਫਿਰ ਕੋਈ ਬਾਬਾ ਔਲਾਦ ਬਖ਼ਸ਼ਹੌਲੀ-ਹੌਲੀ ਆਪ ਦੀ ਲੋਕ-ਪ੍ਰੀਅਤਾ ਵਧਣ ਨਾਲ ਆਪ ਨੂੰ ਲੋਕਾਂ ਸੰਤਦੀ ਉਪਾਧੀ ਦੇ ਦੇਣੀ ਸੀ ਅਤੇ ਬੇਅੰਤ ਮਾਇਆ ਦੀ ਵਰਖਾ ਦੇ ਨਾਲ-ਨਾਲ ਆਪ ਦੇ ਥੱਲੇ ਹੋਣੀ ਸੀ ਇੱਕ ਕਾਲੀ, ਨੀਲੀ ਜਾਂ ਲਾਲ ਰੰਗ ਦੀ ਆਡੀਕਿੰਨਾ ਸਰਲ ਰਸਤਾ ਹੋਣਾ ਸੀ ਜੀਵਨ ਦਾ । ਪਰ...ਆਪ ਨੇ ਇਹ ਹੱਕ-ਸੱਚ ਅਤੇ ਦਸਾਂ-ਨੌਹਾਂ ਦੀ ਕਿਰਤ ਵਾਲਾ ਰਸਤਾ ਚੁਣ ਕੇ ਗੱਲ ਹੀ ਲਾਂਭੇ ਕਰ ਛੱਡੀ। ਬੜਾ ਕਠਿਨ ਮਾਰਗ ਚੁਣ ਲਿਆ।

                                    ਅੱਜ-ਕਲ ਇਸ ਤੋਂ ਉਲਟ ਆਪਣੇ ਪੰਜਾਬੀ, ਦੇਸ ਹੋਣ ਜਾਂ ਪਰਦੇਸ, ...ਵਹਿਮਾਂ-ਭਰਮਾਂ ਦੀ ਇਸ ਦਲਦਲ ਵਿੱਚ ਬਹੁਤ ਹੀ ਬੁਰੀ ਤਰਾਂ ਫਸਦੇ ਜਾ ਰਹੇ ਹਨ। ਉਹ ਆਪਣੇ ਲਈ ਬਿਨਾਂ ਮਹਿਨਤ ਕੀਤਿਆਂ, ਆਸਾਨ ਫਲ਼ ਪ੍ਰਾਪਤ ਕਰਨਾ ਚਾਹੁੰਦੇ ਹਨ। ਦਸਾਂ ਗੁਰੂ ਸਾਹਿਬਾਨ ਦੁਆਰਾ ਸੁਝਾਏ ਸੱਚੇ ਅਤੇ ਸੁੱਚੇ ਮਾਰਗ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੋਂ ਮੂੰਹ ਮੋੜ ਕੇ ਇਹ ਜੋਤਿਸ਼, ਟੁੰਡਣ-ਟਪਾਂਡਣ, ਮੜ੍ਹੀ-ਮਸਾਣੀ ਪੂਜਣ ਆਦਿ ਵਰਗੇ ਆਧਾਂ-ਪੁਆਧਾਂ ਵਿੱਚ ਜਿਆਦਾ ਵਿਸ਼ਵਾਸ ਕਰਨ ਲੱਗੇ ਹਨ।  ਪਹਿਲਾਂ ਸਮਝਿਆ ਜਾਂਦਾ ਸੀ ਕਿ ਇਸ ਤਰਾਂ ਦੇ ਕਰਮ-ਕਾਂਡਾਂ ਵਿੱਚ ਵਿਸ਼ਵਾਸ ਕਰਨ ਵਾਲੇ ਜਿਆਦਾਤਰ ਲੋਕ, ਹੇਠਲੇ ਵਰਗਾਂ ਨਾਲ ਸਬੰਧਿਤ ਹਨਪਰ ਅੱਜ ਦੇ ਯੁਗ ਵਿੱਚ ਦਿਮਾਗੀ ਤਣਾ ਦੇ ਵਧਣ  ਨਾਲ ਵੱਡੇ, ਅਮੀਰ ਘਰਾਣਿਆਂ ਦੇ ਲੋਕ ਵੀ ਇਹਨਾਂ "ਰਿਧੀਆਂ-ਸਿੱਧਿਆਂ" ਦੀ ਲਪੇਟ ਵਿੱਚ ਆ ਰਹੇ ਹਨ। ਫਰਕ ਸਿਰਫ ਏਨਾ ਹੈ ਕਿ ਉਹ ਇਹ ਸਭ ਆਪ ਨਹੀਂ ਕਰਦੇ... ਸਗੋਂ ਕਰਵਾਉਂਦੇ ਹਨ। ਉਹ ਆਪਣਾ ਕੰਮ ਠੀਕ-ਠਾਕ ਚਲਾਉਣ ਲਈ ਅਤੇ ਦੂਸਰੇ ਦਾ "ਧੰਦਾ" ਕਰਨ ਲਈ ਇਹਨਾਂ ਮਾਤਾਵਾਂ ਅਤੇ ਸਾਧੜਿਆਂ ਦੀ ਸਲਾਹ ਅਤੇ ਹੋ ਸਕੇ ਤਾਂ "ਫੇਰੀ" ਪੁਆਉਣ ਨੂੰ ਆਪਣੇ ਧੰਨਭਾਗ ਸਮਝਦੇ ਹਨ। ਉਹ ਏਸ ਕਿਸਮ ਦੇ ਲੋਕਾਂ ਕੋਲੋਂ ਨਿਜੀ ਸਮੱਸਿਆਵਾਂ ਜਿਵੇਂ:

- ਕਿਸੇ ਨੇ ਕੰਮ "ਬੰਨ" ਦਿੱਤਾ ਹੋਵੇ
- ਪਤੀ ਜਾਂ ਪਤਨੀ ਦਾ ਵਸ਼ੀਕਰਣ
- ਪਾਰਿਵਾਰਿਕ ਅਤੇ ਜ਼ਮੀਨ-ਜਾਇਦਾਦ ਦੇ ਝਗੜੇ
- ਬੇਰੁਜ਼ਗਾਰੀ
- ਅਚਾਨਕ ਵੱਡਾ ਲਾਭ ਜਾਂ ਲਾਟਰੀ ਲੱਗਣੀ
- ਭੂਤ-ਪ੍ਰੇਤ ਦਾ ਛਾਇਆ ਦੂਰ ਕਰਵਾਉਣਾ
- ਕਾਲੇ ਜਾਦੂ ਦੀ ਕਾਟ ਅਤੇ ਪਲਟ
- ਦੁਸ਼ਮਣ ਦਾ ਭਸਮੀਕਰਣ

ਆਦਿ  ਲਈ ਮੋਟੀਆਂ ਰਕਮਾਂ ਖ਼ਰਚ ਕਰ ਕੇ "ਜਾ ਬੱਚਾ ਤੇਰਾ ਕੰਮ ਹੋਇਆ  ਸਮਝ....ਇਹ ਬਾਬਿਆਂ ਦਾ ਵਾਕ ਹੈ" ਵਰਗੇ "ਲਫਾਫੇ" ਖ਼ਰੀਦਦੇ ਹਨ। ਜਿੰਨੀਆਂ ਸਮੱਸਿਆਵਾਂ ਉਨੇ ਹੀ ੳਪਾਧ। ਜੇਕਰ ਉਪਰੋਕਤ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਇੱਕ ਉੱਧਮੀ ਇਨਸਾਨ ਲਈ ਇਹਨਾਂ ਦੇ ਹਲ ਲੱਭਣਾ ਕੋਈ ਔਖੀ ਗੱਲ ਨਹੀਂ।

- ਪਹਿਲੀ ਗੱਲ ਹੈ "ਕੰਮ ਬੰਨ੍ਹਣ" ਦੀ ਇਸ ਜਾਦੂਈ ਲਕੋਕਤੀ ਤੋਂ ਭਾਵ ਹੈ ਕਿ ਕਿਸੇ ਨੇ ਮੁੱਦਈ ਦਾ ਕੰਮ ਬੰਨ੍ਹ ਦਿੱਤਾ ਹੈ, (ਬੰਨ੍ਹਦੇ ਕਾਹਦੇ ਨਾਲ਼ ਹਨ...ਰੱਸੇ ਜਾਂ ਸੰਗਲ਼ ਨਾਲ਼....ਇਹ ਪਤਾ ਕਰਨਾ ਅਜੇ ਬਾਕੀ ਹੈ) ਯਾਨੀ ਉਹ ਚਾਹੇ ਵੀ ਤਾਂ ਕੰਮ ਨਹੀਂ ਕਰ ਸਕਦਾਉਸ ਨੇ ਸਿਰਫ "ਵਿਹਲੀਆਂ ਖਾਣੀਆਂ ਹਨ ਅਤੇ ਲੰਬੀਆਂ ਛੱਡਣੀਆਂ " ਹਨ।  ਉਸ ਨੂੰ ਕਮ ਨਹੀਂ ਮਿਲ ਰਿਹਾ ਅਤੇ ਜੇ ਮਿਲ ਰਿਹਾ ਹੈ ਤਾਂ ਉਹ ਕਰਨਾ ਨਹੀਂ ਚਾਹੁੰਦਾ। ਦੂਸਰੇ, ਚੰਗਾ-ਭਲਾ ਚਲਦਾ ਹੋਇਆ ਉਸਦਾ ਕੰਮ ਰੁਕ ਗਿਆ ਜਾਂ ਉਸ ਵਿਚ ਕੋਈ ਵਿਘਨ ਪੈ ਗਿਆ।   

ਇਸ ਦਾ ਸਿੱਧਾ ਮਤਲਬ ਹੈ ਕਿ ਉਹ ਉੱਧਮੀ ਨਹੀਂ ਹੈ, ..ਨਿਕੰਮਾ ਹੈ। ਉਹ ਹੱਥੀਂ ਕਿਰਤ ਨਹੀਂ ਕਰਨਾ ਚਾਹੁੰਦਾ ਅਤੇ ਜਿੱਥੇ ਚਾਹ ਉੱਥੇ ਰਾਹਵਾਲੀ ਕਹਾਵਤ ਤੋਂ ਕਿਨਾਰਾ ਕਰਦਾ ਹੈ। ਕੰਮ ਰੁਕਣ ਜਾਂ ਵਿਘਨ ਪੈਣ ਦੇ ਕਾਰਣ ਉਸ ਦੀ ਕਮਜ਼ੋਰ ਯੋਜਨਾ,  ਅਦੂਰਦਰਸ਼ਤਾ  ਅਤੇ ਪੈਸੇ ਦੀ ਘਾਟ ਵੀ ਹੋ ਸਕਦੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਇਸ ਲਕੋਕਤੀ ਦੇ ਹੋਂਦ ਵਿੱਚ ਆਉਣ ਦੇ ਮੁੱਢਲੇ ਕਾਰਣ, ਜਨਸੰਖਿਆ ਵਿੱਚ ਅਣਲੋੜੀਂਦਾ ਵਾਧਾ, ਰੋਜ਼ਗਾਰ ਦੇ ਮੌਕੇ ਘਟਣੇ ਅਤੇ ਨਿਕੰਮੀਆਂ ਸਰਕਾਰਾਂ ਹਨ।

- ਦੂਸਰਾ ਮਸਲਾ ਪਤੀ ਜਾਂ ਪਤਨੀ ਦੇ ਵਸ਼ੀਕਰਣ ਦਾ ਹੈ। ਏਥੇ ਇੱਕ ਗੱਲ ਵਰਨਣ ਯੋਗ ਹੈ ਕਿ ਪਤੀ ਆਪਣੀਆਂ ਪਤਨੀਆਂ ਨੂੰ ਆਪਣੇ ਵੱਸ 'ਚ ਕਰਨ ਵਿੱਚ ਉਨੀ ਰੁਚੀ ਨਹੀਂ ਰੱਖਦੇ ਜਿੰਨੀ ਕਿ ਪਤਨੀਆਂ ਰੱਖਦੀਆਂ ਹਨ। ਸ਼ਾਇਦ ਉਹ ਸੋਚਦੇ ਹਨ ਕਿ ਜੇ ਵਸ਼ੀਕਰਣ ਹੀ ਕਰਨਾ ਹੈ...ਤਾਂ ਇਸ ਦਾ ਕੀ ਕਰਨਾ, ਕਿਸੇ ਹੋਰ ਦਾ ਕਰਦੇ ਹਾਂ। ਪਤੀ ਨੂੰ ਵੱਸ ਵਿੱਚ ਕਰਨ ਤੋਂ ਭਾਵ ਹੈ ਕਿ ਉਸ ਵਿਚਾਰੇ ਨੂੰ ਕਮਲਾ ਜਿਹਾ ਕਰ ਛੱਡਣਾ ਤਾਂ ਜੋ ਉਹ ਉਸ ਦੇ ਇਸ਼ਾਰਿਆਂ ਤੇ ਨੱਚਦਾ ਕਰਦਾ ਰਹੇ, ...ਯਾਨੀ ਉਸ ਨੂੰ ਬੰਦਾ ਨਾ ਰਹਿਣ ਦੇਣਾ। ਇਸ ਲਈ ਉਹ ਇਹਨਾਂ ਮਾਤਾਵਾਂ ਅਤੇ ਸਾਧੜਿਆਂ ਦੇ ਤਰਲੇ ਮਿੰਨਤਾਂ  ਕਰਦੀਆਂ ਅਤੇ ਉਹਨਾਂ ਦੇ ਪੈਰ ਧੋ ਕੇ ਪੀਂਦੀਆਂ ਹਨ। "ਪੰਜ ਪਧਾਲ਼ੀਆਂ" ਭਰਨ ਦੇ ਬਾਦ ਉਹਨਾਂ ਨੂੰ ਮਿਲਦਾ ਹੈ ਇੱਕ... "ਮੰਤਰਿਆ ਹੋਇਆ ਭਬੂਤਾ”... ( ਕੋਈ ਭਸਮ ਜਾਂ ਸੁਆਹ ਜੋ ਦਰਅਸਲ, ਕਿਸੇ ਖ਼ਾਸ ਕਿਸਮ ਦੇ ਰਸਾਇਣਾਂ ਤੋਂ ਬਣਾਈ ਜਾਂਦੀ ਹੈ ਅਤੇ ਜਿਸ ਦੇ ਸੇਵਨ ਨਾਲ ਆਦਮੀ ਕਮਲਿਆਂ ਵਰਗਾ ਵਿਵਹਾਰ ਕਰਦਾ ਹੈ। ਕਿਉਂਕਿ ਭਸਮ ਵਿੱਚ ਮੌਜੂਦ ਰਸਾਇਣ ਉਸ ਦੇ ਦਿਮਾਗ਼ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਦੇਂਦੇ ਹਨ।) ਅਤੇ ਨਾਲ਼ ਮਿਲਦੀ ਹੈ ਇਸ ਦੀ ਵਰਤੋਂ ਦੀ ਹਦਾਇਤ। ਆਪ ਇਸ ਨਾਲ਼ ਨਹਾਉਣਾ ਹੈ ਅਤੇ ਪਤੀ-ਦੇਵ ਨੂੰ ਕਿਸੇ ਬਹਾਨੇ ਖਵਾਉਣਾ ਹੈ।ਇਸ ਤਰਾਂ ਕਰਨ ਨਾਲ ਕਈ ਵਾਰ ਆਦਮੀ ਪਾਗਲ ਵੀ ਹੋ ਜਾਂਦਾ ਹੈ ਜਾਂ ਉਸਦੀ ਮੌਤ ਵੀ ਹੋ ਸਕਦੀ ਹੈ। ਪਰ ਜੇਕਰ ਪਤੀ ਜਿਆਦਾ ਲੜਾਕਾ ਹੋਵੇ ਤਾਂ ਇਸ ਦੇ ਨਾਲ-ਨਾਲ ਇਕ ਹਦਾਇਤ ਹੋਰ ਵੀ ਮਿਲਦੀ ਹੈ ਕਿ ਆਪ ਚੁੱਪ ਰਹਿਣਾ ਹੈ (ਅਸਲ ਮੰਤਰ ... ਯਾਨੀ ਇੱਕ ਚੁੱਪ ਅਤੇ ਸੌ ਸੁੱਖ) ਅਤੇ ਫ਼ਲਾਣੇ ਮੰਤਰ ਦਾ ਜਾਪ ਕਰਨਾ ਹੈ। ਪਤੀ ਆਪਣੇ ਆਪ ਤੁਹਾਡੇ ਵੱਸ ਹੋ ਜਾਵੇਗਾ। 

ਪਤੀ ਅਤੇ ਪਤਨੀ ਜੀਵਨ ਦੇ ਦੋ ਪਹੀਏ ਹਨ, ਜਿਨਾਂ ਉੱਪਰ ਪਰਿਵਾਰ ਵਾਲਾ ਛੱਤ ਟਿਕਿਆ ਹੁੰਦਾ ਹੈ। ਜਿੱਥੇ ਅਸਲ ਵਸ਼ੀਕਰਣ ਪਿਆਰ, ਵਿਸ਼ਵਾਸ, ਕੁਰਬਾਨੀ, ਤਿਆਗ, ਨਿਮਰਤਾ ਅਤੇ ਸ਼ਹਿਣਸੀਲਤਾ ਨਾਲ ਹੁੰਦਾ ਹੈ, ਜੋ ਸਦੀਵੀ ਹੈ, .....ਉਮਰ-ਭਰ ਟੁੱਟਦਾ ਨਹੀਂ। 

ਹਰ ਕਿਸਮ ਦੇ ਝਗੜਿਆਂ ਵਿੱਚ ਵਹਿਮ-ਭਰਮ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹਨਾਂ ਨੂੰ ਮਿਟਾਉਣ ਲਈ ਨਹੀਂ, ਸਗੋਂ ਵਧਾਉਣ ਲਈ। ...ਸੁੱਤੀਆਂ ਕਲ਼ਾਂ ਜਗਾਉਣ ਲਈ। ਵੱਟ-ਬੰਨੇ ਵੱਲੋਂ ਚਲਦੇ ਕਿਸੇ ਪਾਰਿਵਾਰਿਕ ਝਗੜੇ ਵਾਲੀ ਇੱਕ ਬੀਬੀ ਨੇ ਕਿਸੇ ਸਾਧ ਤੋਂ ਟੂਣਾ ਕਰਾ ਕੇ ਰਾਤ-ਬਰਾਤੇ ਆਪਣੇ ਗਵਾਂਢੀਆਂ ਦੇ ਬੂਹੇ ਮੁਹਰੇ ਵਿਛਾ ਛੱਡਿਆ।.....ਬਸ, ਪੈ ਗਈ ਭਸੂੜੀ। ...ਦਿਨ ਚੜਦੇ ਨੂੰ ਦੂਜੇ ਪਾਸਿਉਂ ਗਾਲੀ-ਗਲੋਚ ਅਤੇ ਪਿੱਟ-ਸਿਆਪਾ ਸੁਰੂ ਹੋ ਗਿਆ। ਕੋਠੇ ਚੜ੍ਹ ਕੇ ਗਾਲਾ ਕੱਢਦੀ ਸ਼ਿਕਾਰ (Victim) ਬੀਬੀ ਨੂੰ  ਦਿਨ ਦੇ ਦਸ ਵੱਜ ਗਏ। ਵਿੱਚ-ਵਿੱਚ ਉਸ ਦੀ ਔਲਾਦ ਉਹਨੂੰ  ਚਾਹ-ਪਾਣੀ ਲਿਆ ਕੇ ਦੇਂਦੀ ਅਤੇ ਨਾਲੇ ਆਖਦੀ,......."ਬੇਬੇ .!...ਐਂ ਨੂੰ ਮੁੰਹ ਕਰਕੇ ...ਕੱਢ ਗਾਲਾਂ ....ਇਹਨਾਂ ਦਾ ਕਾਰਾ ਲਗਦਾ ਮੈਨੂੰ..।" ਦੂਜੇ ਪਾਸੇ...ਮੰਤਰ ਦਾ ਪਾਠ ਕਰਦੀ ਹੋਈ ....ਵੱਡੇ ਜਿਗਰੇ ਵਾਲੀ ਬੀਬੀ ਦਾ ਵੀ ਸਬਰ ਦਾ ਨੱਕਾਟੁੱਟ ਜਾਂਦਾ ਹੈ। ਬਸ ਫਿਰ, ...ਸੁਰੂ ਹੁੰਦਾ ਹੈ,..... ਸੰਢੀਆਂ  ਦਾ ਭੇੜ। ਧੱਕਾ-ਮੁੱਕੀ, ਡਾਂਗਾ-ਸੋਟੇ, ਇੱਟਾਂ-ਰੋੜੇ.... ਅਤੇ ਕਹੀਆਂ-ਫੌੜੇ ਖੁਭ ਚਲਦੇ ਹਨ। ਬਾਅਦ ਵਿੱਚ ਗੱਲ ਪੱਚੀਆਂ, ਛੱਬੀਆ ਜਾਂ ਸਾਢੇ-ਛੱਬੀਆ ਤੇ ਵੀ ਨਹੀਂ ਮੁੱਕਦੀ। ...ਕਿਉਂਕਿ ਬਾਬੇ "ਕੜਿਆਂ ਵਾਲੇ" ਦੇ ਜੌਹਰ ਚਲਣੇ ਅਜੇ ਬਾਕੀ ਹਨ।

ਝਗੜਾ ਘਰੇਲੂ ਹੋਵੇ ਜਾਂ ਜ਼ਮੀਨ ਦਾ ਇਸ ਨੂੰ ਬੈਠ ਕੇ ਨਜਿੱਠਿਆ ਜਾ ਸਕਦਾ ਹੈ। ਪਿੰਡ ਦੇ ਪੰਚਾਂ-ਸਰਪੰਚਾ ਦੀ ਸਲਾਹ ਲਈ ਜਾ ਸਕਦੀ ਹੈ ਅਤੇ ਢੁਕਵਾਂ ਲੈਣ-ਦੇਣ ਕਰਕੇ ਮੁੱਖ ਮਸਲੇ ਤੇ "ਮਿੱਟੀ ਪਾਈ" ਜਾ ਸਕਦੀ ਹੈ।

- ਬੇਰੁਜ਼ਗਾਰੀ ਵਧਣ ਦੇ ਨਾਲ ਨੌਜੁਆਨਾਂ ਵਿੱਚ ਨਿਰਾਸ਼ਾ (Depression) ਘਰ ਕਰ ਗਈ ਹੈ। ਕੋਈ ਨੌਜੁਆਨ ਸਵੇਰੇ ਬੜੀ ਆਸ ਲੈ ਕੇ ਘਰੋਂ ਨਿਕਲਦਾ ਹੈ ਕਿ ਅੱਜ ਉਸ ਨੂੰ ਨੌਕਰੀ ਮਿਲ਼ ਹੀ ਜਾਣੀ ਹੈ। ਪਰ ਸ਼ਾਮ ਪਈ ਜਦੋਂ ਉਹ ਨਿਰਾਸ਼ ਹੋਇਆ ਘਰ ਵੜਦਾ ਹੈ ਤਾਂ ਉਸ ਦੇ ਪਰਿਵਾਰ ਦੇ ਜੀਆਂ ਦੇ ਚਿਹਰਿਆਂ ਵਾਲੇ ਪ੍ਰਸ਼ਨ-ਚਿੰਨ ਉਸ ਨੂੰ ਵੱਢਣ ਪੈਂਦੇ ਹਨ। ਫਿਰ ਉਸ ਦੀ ਧਰਮ ਪਤਨੀ ਜਾਂ ਕੋਈ ਹੋਰ ਜਿਗਿਆਸੂ ਰਿਸ਼ਤੇਦਾਰ ਉਸ ਨੂੰ ਕਿਸੇ "ਬਾਬੇ ਫਾਂਟਾਂ ਵਾਲੇ" ਦੇ ਪੈਰ ਫੜਨ ਲਈ ਆਖਦਾ ਹੈ। ਅੱਗਿਓਂ.. "ਸਤਰਕ" ..ਬਾਬਾ ਆਖਦਾ ਹੈ ਕਿ  ਸਰਕਾਰੀ ਨੌਕਰੀ ਉਸ ਦੀ ਕਿਸਮਤ ਵਿੱਚ ਨਹੀਂ ਹੈ। ਪਰ ਹਾਂ ਜੇ ਉਹ ਇੱਕ ਉਪਾਅ ਕਰ ਲਵੇ ....ਤਾਂ ਸ਼ਾਇਦ ਉਸ ਦਾ ਕੰਮ ਬਣ ਸਕਦਾ ਹੈ। ਉਹ ਕੀ ਕਰੇ.....? ਇੱਕ ਲਾਲ ਕੱਪੜਾ, ਇੱਕ ਨਾਰੀਅਲ, ਮਰੇ ਹੋਏ ਉੱਲੂ ਦਾ ਨੌਂਹ...(ਜੋ ਆਪਣੇ ਆਪ ਵਿੱਚ ਇੱਕ ਡਰਾਉਣੀ ਜਹੀ ਗੱਲ ਹੈ),....ਵਗੈਰਾ-ਵਗੈਰਾ ਲੈ ਕੇ, ਕੱਪੜੇ ਵਿੱਚ ਬੰਨ ਕੇ ਉਸ ਨੂੰ ਕਿਸੇ ਖੂਹ-ਖੁਆਜੇ ਵਿੱਚ ਸੁੱਟ ਦੇਵੇ। ਉਸ ਦੀ ਬੇਰੁਜ਼ਗਾਰੀ ਔਹ ਗਈ...ਔਹ ਗਈ ਪਰ ਜੇਕਰ ਇੰਜ ਕਰਦਿਆਂ ਉਸ ਖੂਹ ਦਾ ਮਾਲਕ ਉਸ ਨੂੰ ਦੇਖ ਲਏ.....ਤਾਂ....? ਨੌਜੁਆਨ ਨੂੰ ਉਹ ਪਹਿਲਾਂ ਨੱਕ ਨਾਲ ਲੀਕਾਂ ਕਢਾਉਂਦਾ ਹੈ...ਫਿਰ ਖੁਆਜ਼ਾ ਮਹਾਰਾਜ ਨੂੰ ਦਾਨ ਕੀਤੀਆਂ ਚੀਜ਼ਾਂ ਬਾਹਰ ਕੱਢਣ ਲਈ ਹੇਠਾਂ ਉਤਾਰਦਾ ਹੈ।

ਅੱਜ ਦੀ ਇਸ ਗਿਰੀ ਹੋਈ ਅਰਥ-ਵਿਵਸਥਾ ਵਿੱਚ ਸਰਕਾਰੀ ਨੌਕਰੀ ਮਿਲਣਾ ਨਿਹਾਇਤ ਹੀ ਮੁਸ਼ਕਿਲ ਹੈ। ਇਸ ਲਈ ਵਹਿਮਾਂ-ਭਰਮਾ ਵਿੱਚ ਫਸਣਾ ਨਿਰਾ ਹੀ ਵਿਅਰਥ ਕੰਮ ਹੈ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਉਧਮ ਕਰਨ। ਆਪਣੇ ਕੰਮ-ਧੰਦੇ ਸੁਰੂ ਕਰਨ। ਉਹ ਦੋ-ਚਾਰ ਜਣੇ ਰਲ਼ ਕੇ ਆਪਣਾ ਕੋਈ ਕਿੱਤਾ ਖੋਲ ਸਕਦੇ ਹਨ। ਇਸ ਨਾਲ਼ ਉਹ ਨੌਕਰੀਆਂ ਮੰਗਣ ਦੀ ਬਜਾਏ ਕਿਸੇ ਹੋਰ ਨੂੰ ਵੀ ਰੁਜ਼ਗਾਰ ਦੇ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰਾਂ ਮੁਹਰੇ ਧਰਨੇ ਦੇਣ ਜਾਂ ਰੋਸ-ਮੁਜ਼ਾਰਿਆਂ ਨਾਲ ਆਪਣਾ ਕੀਮਤੀ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਗੋਂ ਆਪਣੀ ਮਹਿਨਤ ਨਾਲ਼ ਕਾਇਆ ਕਲਪ ਕਰਨ ਦੀ ਕੋਸ਼ਿਸ਼਼ ਕਰਨੀ ਚਾਹੀਦੀ ਹੈ

- ਲਾਟਰੀ ਲੱਗਣਾ ਜਾਂ ਅਚਾਨਕ ਲਾਭ ਮਹਿਜ਼ ਇੱਕ ਇਤਫ਼ਾਕ (Co-incidence) ਹੁੰਦਾ ਹੈ। ਇਸ ਨਾਲ ਕਿਸੇ ਕਿਸਮ ਦੇ ਇਲਮ ਜਾਂ ਕੋਈ ਜਾਦੂ ਦਾ ਕੋਈ ਸਬੰਧ ਨਹੀਂ। ਜੇ ਇਲਮ ਜਾਂ ਜਾਦੂ ਕਰਨ ਵਾਲਾ ਇਸ ਤਰਾਂ ਦਾ ਕੋਈ ਚਮਤਕਾਰ ਕਰ ਸਕਦਾ ਹੋਵੇ ਤਾਂ ਉਹ ਆਪ ਕਰੋੜ ਜਾਂ ਅਰਬਪਤੀ ਕਿਉਂ ਨਹੀਂ ਬਣ ਜਾਂਦਾ?.....ਸੋਚਣ ਵਾਲੀ ਗੱਲ ਹੈ।

ਮਨੁੱਖ ਦੀ ਅਸਲੀ ਲਾਟਰੀ ਉਸ ਦੀ ਆਪਣੀ ਮਹਿਨਤ ਦੀ ਕਮਾਈ ਹੈ।

- ਭੂਤ-ਪ੍ਰੇਤ ਦਾ ਛਾਇਆ ਦੂਰ ਕਰਨ-ਕਰਵਾਉਣ ਬਾਰੇ ਹਰ ਰੋਜ ਕਿਸੇ ਨਾ ਕਿਸੇ ਅਖ਼ਬਾਰ ਵਿਚ ਕੋਈ ਨਾ ਕੋਈ ਖ਼ਬਰ ਲਗਦੀ ਹੀ ਰਹਿੰਦੀ ਹੈ ਜਿਵੇਂ ......ਕਿਸੇ ਘਰ ਤੋਂ ਭੂਤ-ਪ੍ਰੇਤ ਦਾ ਛਾਇਆ ਦੂਰ ਕਰਨ ਆਇਆ ਇੱਕ ਅਖੌਤੀ ਸਾਧ ਪੰਜਾਹ ਹਾਜ਼ਰ ਦੇ ਗਹਿਣੇ ਅਤੇ ਕੁਝ ਕੈਸ਼ ਚੋਰੀ ਕਰ ਕੇ ਫ਼ਰਾਰ, ਚਿਮਟਿਆਂ ਨਾਲ਼ ਜ਼ਖ਼ਮੀ ਪੰਜਾਹ ਸਾਲਾ ਇੱਕ ਬੀਬੀ, ਗੰਭੀਰ ਹਾਲਤ ਚ ਹਸਪਤਾਲ  ਵਿੱਚ ਦਾਖਲ, ਪਬਲਿਕ ਦੁਆਰਾ ਬਾਬੇ ਦੀ ਛਿੱਤਰ-ਪਰੇਡ, ਬਾਬੇ ਦੇ ਕੱਢੇ ਭੂਤ.... ਭੂਤ-ਪ੍ਰੇਤ ਭਜਾਉਣ ਬਹਾਨੇ ਨੌਜੁਆਨ ਬੀਬੀ ਨਾਲ ਬਲਾਤਕਾਰ, ...ਬਾਬਾ ਫ਼ਰਾਰ, ...ਕੇਸ ਦਰਜ ਅਤੇ ਪੁਲਸ ਬਾਬੇ ਦੀ ਭਾਲ

ਦੂਜੇ ਪਾਸੇ, ਸ਼ਾਇਦ ਹੀ ਏਸ ਕਿਸਮ ਦੀ ਕੋਈ ਖ਼ਬਰ ਲਗਦੀ ਹੋਵੇ  ਕਿ ਫ਼ਲਾਂ ਘਰ ਤੋਂ ਭੂਤ-ਪ੍ਰੇਤ ਦਾ ਛਾਇਆ ਦੂਰ ਹੋ ਗਿਆ ਤੇ ਹੁਣ ਸਭ ਕੁਸ਼ਲ-ਮੰਗਲ ਹੈ, ਦੁੱਧ ਅਤੇ ਪੁੱਤ ਤੇ ਜੋ ਵਾਰਹੋਇਆ ਸੀ,...ਉਹ ਹੁਣ ਬੇਅਸਰ ਹੈ।....‌ਫ਼ਲਾਣੀ ਬੀਬੀ ਹੁਣ ਰਾਤਾਂ ਨੂੰ ਦੋ-ਦੋ ਅਵਾਜ਼ਾਂ ਨਹੀਂ ਕੱਢਦੀ, ਉਸ ਦੀਆਂ ਡਰਾਉਣੀਆਂ ਚੀਖਾਂ ਬੰਦ ਹਨ ਅਤੇ ਲੋਕ ਸੁਖ ਦੀ ਨੀਂਦ ਸੌਂਦੇ ਹਨ..... ਆਦਿ 

ਮਨੋ-ਵਿਗਿਆਨਿਕ ਜਾਂ ਡਾਕਟਰ ਏਸ ਨੂੰ ਮਾਨਸਿਕ ਰੋਗ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭੂਤ-ਪ੍ਰੇਤ ਹੱਡ-ਬੀਤੀ ਜਾਂ ਕਿਸੇ ਜੱਗ-ਬੀਤੀ ਵਿੱਚੋਂ ਉਪਜੇ ਕਿਸੇ ਡਰ ਦਾ ਸਰੀਰ ਉੱਪਰ ਬੁਰਾ ਪ੍ਰਭਾਵ ਹੈ, ਜੋ ਬਾਅਦ ਵਿੱਚ ਮਾਨਸਿਕ ਰੋਗਾਂ ਲਈ ਸ਼ਰੀਰ ਵਿੱਚ ਘਰ ਬਣਾਉਂਦਾ ਹੈ। ਇਸ ਲਈ ਇਹਨਾਂ ਅਖੌਤੀ ਬਾਬਿਆਂ ਨੂੰ ਛੱਡ ਕੇ ਡਾਕਟਰੀ ਇਲਾਜ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਖ਼ੌਰੇ, ਸੂਝਵਾਨ ਡਾਕਟਰ ਦੀ ਇੱਕ ਸੂਈ ਨਾਲ ਰੋਗੀ, ਕਿਸੇ ਬਾਬੇ ਦੇ ਸੌ ਚਿਮਟੇ ਤੋਂ ਬਚ ਹੀ ਜਾਵੇ।

- ਕਾਲੇ ਜਾਦੂ ਜਾਂ ਇਸ ਦੀ ਕਾਟ ਬਾਰੇ ਜੋ ਲਕੋਕਤੀਆਂ ਅਤੇ ਮੁਹਾਵਰੇ ਪ੍ਰਚਲਿਤ ਹਨ ਉਹਨਾਂ ਬਾਰੇ ਸੁਣਿਆਂ ਜਰੂਰ ਹੈ, ਪਰ ਮੈਨੂੰ ਏਨਾ ਗਿਆਨ ਨਹੀਂ ਕਿ ਇਸ ਬਾਰੇ ਕੁਝ ਕਹਿ ਸਕਾਂ। ਇਸ ਬਾਰੇ ਭਾਅ ਮਿੰਟੂ ਹੋਰੀਂ ਹੀ ਵਿਸਥਾਰ ਨਾਲ ਕੁਝ ਦੱਸ ਸਕਦੇ ਹਨ

- ਦੁਸ਼ਮਣ ਦਾ ਭਸਮੀਕਰਣ ਤੋਂ ਭਾਵ ਹੈ ਇੱਕ ਇਨਸਾਨ ਦੁਆਰਾ ਦੂਜੇ ਨੂੰ ਮਾਰਨਾ ਜਾਂ ਉਸ ਨੂੰ ਨੁਕਸਾਨ ਪਹੁੰਚਾਉਣਾ। ਕੁਝ ਲੋਕ ਸਾਧੜਿਆ ਤੋਂ ਕੁਝ ਕਰ-ਕਰਾ...(ਜੋ ਹੋਰ ਕੁਝ ਨਹੀਂ ਮਹਿਜ਼ ਇੱਕ ਸੋਚੀ-ਸਮਝੀ ਸਾਜ਼ਿਸ਼ ਹੀ ਹੁੰਦੀ ਹੈ)...ਕੇ ਆਪਣੇ ਕਿਸੇ ਦੁਸ਼ਮਣ ਦਾ ਸਫਾਇਆ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਕੁਝ ਹੱਦ ਤੱਕ ਇਹ ਕਾਮਯਾਬ ਵੀ ਹੁੰਦੇ ਹਨ...ਪਰ ਜੇਕਰ ਕਿਤੇ ਬਾਬੇ ਦਾ ਇਲਮ ਜਵਾਬ ਦੇ ਜਾਏ ਜਾਂ ਅੱਗਿਓਂ ਕੋਈ ਜ਼ਬਰਦਸਤ ਬਾਬਾ ਟੱਕਰ ਜਾਏ ਤਾਂ ਪਤਾ ਚਲਦਾ ਹੈ ਕਿ ਦੁਸ਼ਮਣ ਨੇ ਹੀ "ਮੁੱਦਈ" ਦਾ ਭਸਮੀਕਰਣ ਕਰ ਛੱਡਿਆ ਹੈ।
ਇਸ ਤਰਾਂ ਕਰਨਾ ਜਾ ਕਰਵਾਉਣਾ ਇਨਸਾਨੀ ਕਦਰਾਂ-ਕੀਮਤਾਂ ਦਾ ਹਾਣ ਨਹੀਂਉਲਟਾ ਸਮਾਜ ਵਿੱਚ ਕਾਤਲ ਜਾਂ ਗੁਨਾਹਗਾਰ ਮਾਨਸਿਕਤਾ ਪੈਦਾ ਕਰਨ ਲਈ ਇੱਕ ਪ੍ਰੋਤਸਾਹਨ ਹੈ। ਕਿਸੇ ਨੂੰ ਮਾਰਨ ਲਈ ਸਭ ਤੋਂ ਪਹਿਲਾਂ ਆਪ ਮਰਨਾ ਪੈਂਦਾ ਹੈ। ਇਸ ਲਈ ਹਮੇਸ਼ਾ "...ਨਾਨਕ ਨਾਮ ਚੜ੍ਹਦੀ ਕਲਾ....ਤੇਰੇ ਭਾਣੇ ਸਰਬੱਤ ਦਾ ਹੀ ਭਲਾ" ....ਵਾਲੇ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। 

ਇੱਕ ਹੋਰ ਘਾਤਕ ਸੱਚ ਇਹ ਹੈ ਕਿ ਇੱਕ ਅਮ੍ਰਿਤ-ਧਾਰੀ ਸਿੱਖ ਪਰਿਵਾਰ ਦੀ ਕੋਈ ਬਜ਼ੁਰਗ ਬੀਬੀ ਜੇ ਇਹਨਾਂ  ਕਰਮ-ਕਾਂਡਾਂ ਨੂੰ ਮੰਨਦੀ ਹੈ ਤਾਂ ਉਹ ਪਰਿਵਾਰ ਦੇ ਹੋਰਾਂ ਮੈਂਬਰਾਂ ਨੂੰ ਕਈ ਵਾਰ ਕਿਸੇ ਵਰਤ ਜਾਂ ਉਪਾਧ ਦੇ ਪੂਰੇ ਹੋਣ ਤੱਕ ਗੁਰਦੁਆਰੇ ਜਾਣ ਤੋਂ ਮਨ੍ਹਾਂ ਕਰਦੀ, ...ਰੋਕਦੀ ਹੈ। ਕਿਉਂਕਿ ਉਸ ਬਾਬੇ ਵੱਲੋਂ ਸਖ਼ਤ ਹਦਾਇਤ ਮਿਲੀ ਹੁੰਦੀ ਹੈ ਕਿ ਉਸ ਦੇ ਵਿਸ਼ਵਾਸ ਤੋਂ ਇਲਾਵਾ ਕਿਸੇ ਹੋਰਦਾ ਖਿਆਲ ਨਹੀ ਕਰਨਾ। ਕਹਿਣ ਤੋਂ ਭਾਵ ਇਹ ਕਰਮ-ਕਾਂਡ ਗੁਰਮਤਿ ਤੋਂ ਉਲਟ ਦਿਸ਼ਾ ਵਿੱਚ ਚਲਦੇ ਹਨ ਅਤੇ ਮਨਮੱਤ ਦਾ ਪ੍ਰਚਾਰ ਕਰਦੇ ਹਨ, .....ਜੋ ਸਹੀ ਨਹੀਂ। ਇੱਕ ਸਿੱਖ ਨੂੰ ਸਭ ਧਰਮਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ। ਪਰ ਇਹਨਾਂ ਵਹਿਮਾਂ-ਭਰਮਾਂ ਨੇ ਸਿੱਖ ਧਰਮ ਵਿੱਚ ਕੁਝ ਛੇਦ ਕਰ ਦਿੱਤੇ ਹਨ। ਮਿਸਾਲ ਦੇ ਤੌਰ ਤੇ ਸ਼ਬਦ ਸਿੱਖਅਤੇ ਸਰਦਾਰਦੇ ਭਾਵਰਥਾਂ ਵਿੱਚ ਡੂੰਗਾ ਭੇਦ ਕਰ ਦਿੱਤਾ ਹੈ।

ਇੱਕ ਵਾਰ ਕਿਸੇ ਧਾਰਮਿਕ ਸਭਾ ਵਿੱਚ ਕਈ ਧਰਮਾਂ ਦੇ ਲੋਕ ਜੁੜੇਜਿਥੇ ਇੱਕ ਮੁਸਲਮਾਨ ਫ਼ਕੀਰ ਨੂੰ ਵਚਨ ਕਰਦਿਆਂ ਦੇਖ ਕੇ ਇੱਕ ਸਰਦਾਰ ਜੀ ਤੋਂ ਰਿਹਾ ਨਾ ਗਿਆ ਅਤੇ ਉਹ ਫਕੀਰ ਨੂੰ ਕਹਿਣ ਲੱਗਾ,”ਸਾਈਂ ਜੀ !.....ਮੈਂ ਦੱਸ ਸਕਦਾ ਹਾਂ ਕਿ ਐਸ ਵੇਲੇ ਤੁਹਾਡੇ ਦਿਲ ਵਿੱਚ ਕੀ ਹੈ?

ਫ਼ਕੀਰ ਇਕਦਮ ਗੰਭੀਰ ਹੋ ਗਿਆ ਅਤੇ ਪੁੱਛਣ ਲੱਗਾ,”ਹਾਂ.....ਦੱਸ ਭਾਈ...?

ਅੱਲਾ....ਸਰਦਾਰ ਪਟਾਕ ਕੇ ਬੋਲਿਆ।

ਫ਼ਕੀਰ ਸੰਸ਼ੋਪੰਜ ਵਿੱਚ ਪੈ ਗਿਆ। ਉਸ ਦੀ ਹਾਲਤ ਸੱਪ ਦੇ ਮੂੰਹ ਚ ਕੋਹੜ ਕਿਰਲੀਵਾਲੀ ਹੋ ਗਈ। ਨਾਂਹ ਤਾਂ ਕਰ ਨਹੀਂ ਸਕਦਾ,.....ਜੇ ਹਾਂ ਕਰੇ ਤਾਂ ਸਰਦਾਰ ਵੱਡਾ ਜਾਣੀ ਜਾਣਹੋ ਜਾਂਦਾਫਿਰ ਉਸ ਨੂੰ ਸਰਦਾਰ ਵਾਲੀ ਚਲਾਕੀ ਸੁੱਝੀ ਤੇ ਕਹਿਣ ਲੱਗਾ,”ਸਰਦਾਰ ਜੀ..! ਮੈਂ ਵੀ ਤੁਹਾਡੇ ਦਿਲ ਦੀ ਗੱਲ ਬੁੱਝ ਸਕਦਾ ਹਾਂ ਅਤੇ ਦੱਸ ਸਕਦਾ ਹਾਂ ਕਿ ਤੁਹਾਡੇ ਦਿਲ ਵਿਚ ਐਸ ਵੇਲੇ ਕੀ ਹੈ।

ਦੱਸੋ.....?” ਸਰਦਾਰ ਫਿਰ ਪਟਾਕ ਕੇ ਬੋਲਿਆ।

ਵਾਹਿਗੁਰੂ.....! ਫਕੀਰ ਕਹਿਣ ਲੱਗਾ।

ਨਾ ਸਾਈਂ ਜੀ !.....ਮੈਂ ਤਾਂ ਬਰਸ਼ੇ ਵਾਲੇਦਾ ਭਗਤ ਹਾਂ।ਸਰਦਾਰ ਜੀ ਨੇ ਘੜੰਮ ਉੱਤਰ ਦਿੱਤਾ

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਰਿਧੀਆਂ-ਸਿੱਧੀਆਂ ਬਾਬਤ ਫ਼ਰਮਾਉਂਦੇ ਹਨ,....”ਸਭਿ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।“....ਯਾਨੀ ਉਸ ਸੱਚੇ ਅਕਾਲ ਪੁਰਖ  ਦੀ ਭਗਤੀ ਇਹਨਾਂ ਸਾਰੀਆਂ ਰਿਧੀਆਂ ਅਤੇ ਸਿੱਧੀਆਂ ਤੋਂ ਉੱਚੀ ਅਤੇ ਸੁੱਚੀ ਹੈਇਸ ਲਈ ਆਪ ਨੇ ਹਰ ਸਿੱਖ ਨੂੰ ਸਖ਼ਤੀ ਨਾਲ ਵਰਜਿਤ ਕੀਤਾ ਹੈ ਕਿ ਉਹ ਇਹਨਾਂ ਟੂੰਡਣ-ਟਪਾਂਡਣਾ, ਆਧਾ-ਪੁਆਧਾਂ ਅਤੇ ਕਿਸੇ ਹੋਰ ਪ੍ਰਕਾਰ ਦੇ  ਕਰਮ-ਕਾਂਡਾਂ ਵਿੱਚ ਬਿਲਕੁਲ ਵੀ ਵਿਸ਼ਵਾਸ ਨਾ ਕਰੇ, ..ਸਗੋਂ ਪ੍ਰਭੂ ਭਗਤੀ ਦੇ ਨਾਲ-ਨਾਲ ਹੱਕ-ਸੱਚ, ਮਹਿਨਤ ਅਤੇ ਸੱਚੇ ਮਾਰਗ ਤੇ ਚਲਦਿਆਂ ਜੀਵਨ ਬਤੀਤ ਕਰੇ

ਸੋ, ਮਿੰਟੂ ਵੀਰ ਜੀ ਇਹਨਾਂ, ਅੰਧ-ਵਿਸ਼ਵਾਸ ਦੇ ਅੰਧਕਾਰ ਵਿੱਚ ਫ਼ਸੇ ਲੋਕਾਂ ਦੇ ਵਿਸ਼ਵਾਸ ਦਾ ਰੁਖ਼ ਮੁੜ, ਗੁਰੂ ਸਾਹਿਬਾਨ ਦੁਆਰਾ ਸੁਝਾਏ ਸੱਚੇ-ਸੁੱਚੇ ਅਤੇ ਅਸਲ ਜੀਵਨ-ਮਾਰਗ ਵੱਲ ਮੋੜਨ ਲਈ, ਸੱਚੀਂ ਹੀ ਕੁਝ ਉਪਰਾਲਾ ਕਰਨ ਦੀ ਲੋੜ ਹੈ। ਮੈਂ ਸਮਝਦਾ ਹਾਂ ਕਿ ਆਪ ਦੇ ਦੋ ਸਾਲ ਜੋ ਆਪ ਨੇ ਇਹ ਗਿਆਨ ਹਾਸਲ ਕਰਨ ਵਿੱਚ ਲਾਏ ਹਨ, ਉਹ ਵਿਅਰਥ ਨਹੀਂ ਗਏ ਅਤੇ ਨਾ ਹੀ ਜਾਣਗੇ।  ਤੁਹਾਡੇ ਸਿਰ ਤੇ ਸਮਾਜ ਪ੍ਰਤੀ ਬਹੁਤ ਜ਼ਿੰਮੇਵਾਰੀਆਂ ਹਨ। ਸਮਾਜ ਕਲਿਆਣ ਅਤੇ ਲੋਕ-ਭਲਾਈ ਲਈ ਕਿਸੇ ਬਹਾਨੇ ਆਪ ਦੇ ਇਸ ਗਿਆਨ ਦੀ ਬਹੁਤ ਜ਼ਰੂਰਤ ਹੈ । ਲੋਕਾਂ ਦੇ ਮਨਾ ਵਿੱਚ ਉਠਦੇ ਅਨੇਕਾਂ ਹੀ ਸ਼ੰਕਿਆਂ ਦਾ ਨਿਵਾਰਣ ਉਹਨਾਂ ਦੇ ਜਵਾਬ ਦੇ ਕੇ ਕਰ ਸਕਦੇ ਹੋ। ਇਸ ਗਿਆਨ ਦੁਆਰਾ ਵਹਿਮ-ਭਰਮ ਅਤੇ ਹਕੀਕਤ ਵਿੱਚ ਫਰਕ ਸਮਝਾ ਸਕਦੇ ਹੋਕੁਰਾਹੇ ਪਏ ਲੋਕਾਂ ਨੂੰ ਦਲੀਲਾਂ ਦੇ ਸਮਝਾ ਸਕਦੇ ਹੋ ਕਿ "ਮੁੱਠ ਚਲਾਉਣੀ", “ਪਲੇਠਾ ਛੱਡਣਾਜਾਂ ਕੁਝ ਹੋਰ ਊਲ-ਜਲੂਲ ਸਭ ਮਨ-ਘੜਤ ਕਹਾਣੀਆਂ ਹਨ,... ਵਹਿਮ ਹਨ । ਇਹਨਾਂ ਪਿੱਛੇ ਲੱਗ ਕੇ ਆਪਣਾ ਜੀਵਨ ਵਿਅਰਥ ਨਹੀਂ ਕਰਨਾ ਚਾਹੀਦਾ। ਨਾਲ-ਨਾਲ ਕੁਰਾਹੇ ਪਾਉਣ ਵਾਲੇ ਇਹਨਾਂ ਬਾਬੇ-ਬਾਬੀਆਂ ਅਤੇ ਸਾਧੜਿਆਂ ਆਦਿ ਲਈ ਤਾੜਨਾ ਵੀ ਕਰ ਸਕਦੇ ਹੋ

ਮੁੱਕਦੀ ਗੱਲ, ਪੰਦਰਵੀਂ ਸਦੀ ਤੋਂ ਲੈ ਕੇ ਅੱਜ ਤੱਕ ਅੰਧ-ਵਿਸ਼ਵਾਸ ਤੇ ਕਰਮ-ਕਾਂਡਾਂ ਵਾਲੀ ਏਸ ਫ਼ਿਲਾਸਫ਼ੀ ਦਾ ਪੁਰਜੋਰ ਖੰਡਨ ਹੈ...ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੰਡਨ ਹੀ ਹੋਵੇਗਾਚਮਤਕਾਰ ਕੋ ਨਮਸਕਾਰ ਤੇ...ਸਿਰਫ...ਸਤਿ ਸ਼੍ਰੀ ਅਕਾਲ !

Note: This essay is a reaction, supporting the views of the actual author Sri "Mintu Brar ji" from australia.

No comments:

Post a Comment