Wednesday, May 23, 2012

ਕਵਿਤਾ/ਨਜ਼ਮ


ਜੁੜਿਆ ਵਰ
(Note: This poem is published in Shabad Sanjh, Punjabi Lekhak and Apna Punjab newspaper, published from New York, USA.)

ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।

ਬਾਬਲ ਮੇਰੇ ਕਈ ਸੌਗ਼ਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ ਵਲੈਤਣ, ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।







ਮਾਂ ਤਾਂ ਚੁੱਕਦੀ, ਨਣਦ ਵੀ ਆਖੇ, ਕੱਢ ਬਾਹਰ ਮਹਾਰਾਣੀ ਨੂੰ,
ਕੱਪੜੇ ਧੋਵੇ, ਭਾਂਡੇ ਮਾਂਜੇ, ਚੌਂਕੇ ਚਾੜ੍ਹ ਚੌਧਰਾਣੀ ਨੂੰ।
ਲਾਈ-ਲੱਗਾਂ ਦੇ ਵਾਂਗੂ ਇਹੀਓ ਪਾਹੜਾ ਪੜ੍ਹਦਾ ਰਹਿੰਦਾ।


ਵਿਆਹ ਨੂੰ ਹੋਏ ਮਹੀਨੇ ਗਿਆਰਾਂ, ਅਜੇ ਮਸਾਂ ਹੀ ਕਰਕੇ,                                                             
ਰੱਬ ਦੇ ਅੱਗੇ ਪੱਲਾ ਅੱਡਦੀ, ਬੋਲ ਬਾਂਝ ਤੋਂ ਡਰਕੇ।
ਧੀ ਦੇ ਨਾਂ ਨੂੰ ਨਫ਼ਰਤ ਐਪਰ, ਪੁੱਤ ਦੀ ਹਾਮੀ ਭਰਦਾ ਰਹਿੰਦਾ।


ਰੱਬ ਨੇ ਵੈਰ ਲੈ ਲਿਆ ਡਾਹਢਾ, ਜੰਮ ਪਈ ਜੋ ਕਲਹਿਣੀ,

ਕੁੱਖ ਮੰਦਭਾਗੀ ਨਫ਼ਰਤ ਬਣ ਗਈ, ਸੋਗੀ ਰਹਿਣੀ-ਬਹਿਣੀ।

ਥਾਲ਼ ਬਹਿ ਗਿਆ ਮੂੰਹ ਬਣਾ ਕੇ, ਚੰਦਰਾ ਇੱਜਤੋਂ ਡਰਦਾ ਰਹਿੰਦਾ।  



ਚਾਤਰ ਜੇਠ-ਜੇਠਾਣੀ ਚੁੱਕਦੇ, ਰਹਿ ਗਈ ਲੋਹੜੀ ਪਾਉਣੀ,
ਚੰਦਰੀ ਨੀਤ ਨੂੰ ਜੰਮਦੀ ਕੁੜੀਆਂ, ਪੁੱਤਾਂ ਨੂੰ ਤਰਸਾਉਣੀ।
ਕੁਲ-ਦੇ-ਦੀਪਕ ਹੋਣ ਦੀਵਾਰਾਂ, ਘਰ-ਬਾਹਰ ਦਾ ਪੜਦਾ ਰਹਿੰਦਾ। 


ਥੱਕ-ਹਾਰ ਮੁੜ ਪੱਲਾ ਅੱਡਿਆ, ਬਸ ਇੱਕ ਪੁੱਤ ਦੀ ਦਾਤ ਲਈ,
ਅਗਲਾ ਵਰਕਾ ਪਾੜ ਹੀ ਦੇਵੀਂ, ਰੱਬਾ ਧੀ ਦੀ ਜਾਤ ਲਈ।

ਪਾਂਧਾ, ਯੋਗੀ, ਪੀਰ ਮਨਾਵਾਂ, ਜੋ ਸਭ ਦੀ ਝੋਲੀ ਭਰਦਾ ਰਹਿੰਦਾ।


ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।




ਭੂਪਿੰਦਰ।

1 comment:

  1. In the above poem I have tried to depict the mental atrocities given to a woman after marriage. This, as a whole, is not a complete truth though. I have observed mine as well as many other house hold setups. This happens often and with an exception. That is how, perhaps, a Punjabi woman becomes great after tolerating all that. She is like an earth, the Grand Mother. She deserves praise and is adorable. Relations flow through her tolerance.
    May God protect her existence.

    Bhupinder.

    ReplyDelete