Thursday, April 12, 2012

ਕਵਿਤਾ/ਨਜ਼ਮ


ਭੁਲੇਖਾ

ਹੇ ਭਗਵਾਨ !
ਕੋਟਿ-ਕੋਟਿ ਪ੍ਰਣਾਮ...ਕੋਟਿ-ਕੋਟਿ ਪ੍ਰਣਾਮ।
ਦੁਬਾਰਾ, ਹੁਣ ਫੇਰ ਮੈਂ,

ਆਪਦੀ ਭਗਤੀ ਸ਼ੁਰੂ ਕਰਨ ਲੱਗਾ ਹਾਂ।

ਅਸਲ ਵਿੱਚ, ਜਿਹੜਾ ਫਲ਼ ਤੁਸੀਂ,

ਮੇਰੀ ਪਿਛਲੀ ਤਪੱਸਿਆ ਵਾਸਤੇ ਮੈਨੂੰ ਦਿੱਤਾ ਸੀ,

ਉਸ ਕਰਕੇ ਭੋਗ ਰਿਹਾ ਹਾਂ, ਮੈਂ ਡਾਹਡਾ ਦੁੱਖ।

ਉਦੋਂ ਮੈਂ, ਵਰਦਾਨ ਦੇ ਰੂਪ ..

ਨਫ਼ਰਤਾਂ ਦਾ ਭਰਿਆ ਇਕ ਝੋਲਾ ਮੰਗਿਆ ਸੀ,

ਤੁਸਾਂ ਮੇਰੀ ਮੰਗ ਪੂਰੀ ਕੀਤੀ,

ਕੋਟਿ-ਕੋਟਿ ਪ੍ਰਣਾਮ, ਕੋਟਿ-ਕੋਟਿ ਪ੍ਰਣਾਮ।

ਹੇ ਪ੍ਰਭੂ ! ਇਸ ਵਿੱਚੋਂ ਮੈਨੂੰ ਬੜੀਆਂ ਨਫ਼ਰਤਾਂ ਲੱਭੀਆਂ,

ਭਾਂਤ-ਸੁਭਾਂਤੀਆਂ ਤੇ ਮਖ਼ਮਲ ਵਰਗੀਆਂ।

ਮੈਂ ਗਦਗਦ ਹੋਇਆ,

ਰੁੱਗਾਂ ਦੇ ਰੁੱਗ ਨਫ਼ਰਤਾਂ, ਬੜੇ ਚਾਂਵਾ ਨਾਲ

ਮੈਂ ਸਾਰੀ ਲੋਕਾਈ ਚ ਵੰਡੀਆਂ।

ਸਾਰੀ ਦੁਨੀਆਂ ਬਲ਼ ਉਠੀ....ਜ਼ੱਰੇ ਜ਼ੱਰੇ ਚ ਨਫ਼ਰਤ ਦੀ ਅੱਗ ਹੀ ਅੱਗ ਹੈ...

ਤੇ ਮੱਚੀ ਹੈ,...ਹਾਹਾਕਾਰ...ਸਭ ਪਾਸੇ।

ਕੋਟਿ-ਕੋਟਿ ਪ੍ਰਣਾਮ, ਕੋਟਿ-ਕੋਟਿ ਪ੍ਰਣਾਮ।

ਭਗਤ ਵੱਸ਼ਲ !....ਪਰ ਅਣਹੋਣੀ ਏਹ ਹੋਈ

ਕਿ ਇਸ ਝੋਲੇ ਦੀ ਇਕ ਨੁੱਕਰੋਂ....ਮੈਨੂੰ ਮਿਲੀ ਹੈ

ਪਿਆਰ ਤੇ ਸਾਂਝੀਵਾਲਤਾ ਦੀ ਇਕ ਲੀਰ....

ਇਹ ਬਹੁਤ ਅਜੀਬ ਹੈ.........

ਮੇਰੇ ਹੱਥਾਂ ਵਿੱਚ ਹੀਰੇ-ਜਵਾਹਰਾਤਾਂ ਵਾਂਗ ਚਮਕਦੀ ਹੈ....

ਮੇਰੀਆਂ ਅੱਖਾਂ ਵੀ ਚੁੰਧਿਆ ਗਈਆਂ ਹਨ...

ਅਤੇ ਮੈਨੂੰ ਭੈਅ ਆਉਣ ਲੱਗਾ ਹੈ,...ਇਸ ਕੋਲੋਂ

ਕਿਤੇ ਇਹ ਮੇਰੀ ਤਪੱਸਿਆ ਦੇ ਅਸਲ ਫਲ਼ ਨੂੰ ਵਿਅਰਥ ਨਾ ਕਰ ਦੇਵੇ।

ਕੋਟਿ-ਕੋਟਿ ਪ੍ਰਣਾਮ, ਕੋਟਿ-ਕੋਟਿ ਪ੍ਰਣਾਮ।

ਪ੍ਰਭੂ ਮਾਫ਼ ਕਰਨਾ ! ਸ਼ਾਇਦ ਤੁਹਾਨੂੰ ਕੋਈ ਭੁਲੇਖਾ ਲੱਗਾ ਹੈ......

ਇਹ ਇਸ ਦੁਨੀਆਂ ਦੇ ਲਾਇਕ ਨਹੀਂ...

ਕਿਰਪਾ ਨਿਧਾਨ !,.....ਇਸ ਨੂੰ ਵਾਪਿਸ ਲੈ ਲਉ।

ਹੇ ਭਗਵਾਨ ! ਇਸ ਨੂੰ ਵਾਪਿਸ ਲੈ ਲਉ।

ਏਸੇ ਲਈ ਦੁਬਾਰਾ, ਹੁਣ ਫੇਰ ਮੈਂ.....

ਆਪਦੀ ਭਗਤੀ ਸ਼ੁਰੂ ਕਰਨ ਲੱਗਾ ਹਾਂ।

ਕੋਟਿ-ਕੋਟਿ ਪ੍ਰਣਾਮ, ਕੋਟਿ-ਕੋਟਿ ਪ੍ਰਣਾਮ।


ਭੂਪਿੰਦਰ

2 comments:

  1. ਵੀਰ ਭੂਪਿੰਦਰ,
    ਤੁਹਾਡਾ ਪੰਜਾਬੀ ਬਲਾਗ ਵੇਖਿਆ। ਚੰਗਾ ਲੱਗਾ, ਕੁਝ ਪੜ੍ਹਿਆ ਹੈ ਤੇ ਕੁਝ ਅਜੇ ਪੜ੍ਹਨਾ ਬਾਕੀ ਹੈ।
    ਭੁਲੇਖਾ ਕਵਿਤਾ ਪੜ੍ਹੀ.....ਵਧੀਆ ਸੁਨੇਹਾ ਦਿੰਦੀ ਵਧੀਆ ਰਚਨਾ ਹੈ।
    ਚੰਗਾ ਕਰਾਰਾ ਵਿਅੰਗ ਕਸਿਆ ਹੈ ।
    ਸ਼ਾਇਦ ਰੱਬ ਨੂੰ ਲੱਗਾ ਭੁਲੇਖਾ ਸਭ ਦੇ ਹਿੱਸੇ ਆ ਜਾਵੇ ਤੇ ਸਾਰੇ ਸਾਂਝੀਵਾਲਤਾ ਦੀਆਂ ਲੀਰਾਂ ਸਾਂਭਣ ਲੱਗ ਜਾਣ।

    ਵਧਾਈ !
    ਹਰਦੀਪ

    ReplyDelete
  2. ਭੈਣ ਜੀ,
    ਸਤਿ ਸ੍ਰੀ ਅਕਾਲ,
    ਟਿੱਪਣੀ ਲਈ ਸ਼ੁਕਰੀਆ।
    ਭੂਪਿੰਦਰ।

    ReplyDelete