Saturday, June 6, 2015

ਦੋਹੇ

ਰਿਸ਼ਤੇ-ਦੂਰੀ

ਰਿਸ਼ਤੇਦਾਰੀ ਬਦਲੀ ਰਿਸ਼ਤੇ-ਦੂਰੀ ਵਿੱਚ
ਮੈਂ ਕੋਈ ਤੇਰਾ ਭਾਈ ਨਹੀਂ ਮਜ਼ਬੂਰੀ ਵਿੱਚ।

ਲਹੁ-ਸਫ਼ੈਦ ਸਲੂਕ ਗੁਆਚਾ ਭਾਈਆਂ ਦਾ
ਦੁੱਖ-ਸੁੱਖ ਮੁੱਕਿਆ ਇੱਕੋ ਢਿੱਡੋਂ ਜਾਈਆਂ ਦਾ।

ਮਾਮੀ ਆਖੇ, ਸੁਣ! ਮਾਸੀ ਔਪਚਾਰ ਕੁਰੇ
ਨਿੱਕੀ ਕਾਹਨੂੰ ਸੱਦਣੀ, ਗੋਲ਼ੀ ਮਾਰ ਕੁਰੇ।

ਭੂਆ ਕਰਦੀ ਚਾਅ ਤਾਹੀਂ ਰਤਾ ਭਤੀਜੇ ਦਾ
ਜੇ ਸਾਲ਼ਾ ਬੋਤਲ ਰੱਖ ਕੇ ਕਰਦਾ ਜੀਜੇ ਦਾ।



ਇੱਕੋ-ਇੱਕ ਜੁਵਾਈ, ਮੁੱਛ ਨੂੰ ਤਾਅ ਚੜਿਐ
ਸੜ-ਸੜ ਕੰਢੇ ਲੂਹ ਲਏ, ਦੂਆ ਆ ਵੜਿਐ।

'ਕੱਲਾ ਕਰੇ ਕਮਾਈਆਂ, ਟੱਬਰ ਔਖਾ ਏ
ਵੰਡ ਲਈ ਤਾਣੀ-ਬਾਣੀ, ਰਹਿਣਾ ਸੌਖਾ ਏ।

ਬੇਬੇ ਬਾਪੂ ਤੱਕਦੇ ਵੰਡਦੇ ਕਾਰਿਆਂ ਨੂੰ
'ਨੋ ਮੈਨਜ਼ ਲੈਂਡ' ਪਈ ਕਰਮਾਂ ਮਾਰਿਆਂ ਨੂੰ।

ਸਾਂਝੇ ਬਾਬੇ ਨੂੰ ਕੋਈ ਪੁੱਛਦਾ ਟਾਵਾਂ ਏ
ਆਪੋ-ਧਾਪੀ ਪਈ ਵੰਡ ਲਿਆ ਝਾਵਾਂ ਏ।

ਸੌੜੀ ਹੋ ਗਈ ਸੋਚ, ਦਿਲ ਵੀ ਤੰਗ ਬੜੇ
ਵਧ ਗਈਆਂ ਇੱਛਾਵਾਂ, ਫ਼ੋਕੇ ਰੰਗ ਚੜ੍ਹੇ।

ਖਾਲੀ ਆਏ, ਸਭ ਖਾਲੀ, ਛੱਡ ਗਏ ਲਾਣੇ ਨੂੰ
ਬੱਸ, ਮੈਂ-ਮੈਂ ਕਰਨੀ ਛੱਡ ਕੇ, ਮੰਨ ਲੈ ਭਾਣੇ ਨੂੰ।


ਗੁਰਜਿੰਦਰ ਸਿੰਘ ਲੁਬਾਣਾ

1 comment:

  1. ਪਿਆਰੇ ਗੁਰਜਿੰਦਰ,

    ਤੁਹਾਡੀ ਰਚਨਾਂ ਮਿਲੀ। ਬਹੁਤ ਵਧੀਆ ਰਚਨਾਂ ਹੈ। ਅੱਜਕੱਲ੍ਹ ਦੇ ਇਸ ਪਦਾਰਥ ਵਾਦੀ ਯੁੱਗ 'ਚ ਰਿਸ਼ਤੇਦਾਰੀਆਂ ਵਿੱਚ ਫ਼ੈਲ ਰਹੇ ਓਪਰੇਪਣ ਦੀਆਂ ਦੁਰੀਆਂ ਨੂੰ ਤੁਸੀਂ ਬੁਹੁਤ ਹੀ ਸੰਖੇਪ ਢੰਗ ਨਾਲ ਦੋਹਿਆਂ ਦੀ ਲੜੀ ਵਿੱਚ ਪਰੋ ਕੇ ਪੇਸ਼ ਕੀਤਾ ਹੈ। ਪੜ੍ਹ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਵੀ ਸਾਹਿਤ ਵਿੱਚ ਰੁਚੀ ਰੱਖਦੇ ਹੋ। ਉਮੀਦ ਕਰਦਾ ਹਾਂ ਕਿ ਆਪ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਸਾਂਝ ਪਾਓਂਦੇ ਰਹੋਗੇ।

    ਧੰਨਵਾਦ ਅਤੇ ਆਦਰ ਸਹਿਤ
    ਭੁਪਿੰਦਰ।

    ReplyDelete