ਗਰੀਬੂ ਦੀ ਗਤੀ
“ਦਿਆਲੋ ! ਕੁੜੇ ਅੱਜ ਉਹ ਬੈਠਾ,...ਸਾਨੂੰ ਦਿਸਦਾ।”
“ਹਾਂ। ਉਹ ਬੈਠਾ ਐ ….ਕੁੜੇ । ਬਾਹਰਲੇ ਬਾਗ਼
ਦੇ ਇਕ ਕੁਬੜੇ ਅੰਬ ਦੇ ਬੂਟੇ ‘ਤੇ।”
ਮਹਾਰਾਜ ਨੇ ਗੰਭੀਰ ਪਰ ਸ਼ਾਂਤ-ਮੁਖ
ਬਚਨ ਕੀਤੇ।”
“ਕੌਣ ਮਹਾਰਾਜ ?”
ਮਹਾਰਾਜ ਦੇ ਏਨੇ ਬਚਨ ਸੁਣ ਕੇ ਸਾਰੇ ਟੱਬਰ ਵਿੱਚੋਂ ਸਭ ਤੋਂ ਮੁਹਰੇ ਮਹਾਰਾਜ ਦੇ ਨੇੜੇ ਬੈਠੀ ਦਿਆਲੋ ਦੇ ਸਾਹ ਸੂਤ ਗਏ। ਉਹ ਅੱਜ ਕਈ ਮਹੀਨਿਆਂ ਬਾਦ ਦਿਆਲੋ ਦੇ ਘਰ ਪਧਾਰੇ ਸਨ। ਧੰਨਭਾਗ ਸਨ।
“ਕੌਣ! ਚੇਤਾ ਭੁੱਲ ਗਿਆ?” ਮਹਾਰਾਜ ਨੇ ਚਿਹਰੇ ਉਪਰ ਹਲਕਾ ਜਿਹਾ ਸ਼ਿਕਨ ਉਭਾਰ ਕੇ ਸਵਾਲ ਕੀਤਾ। ਨਿੱਕੀ ਜਿਹੀ
ਸੰਗਤ ਬਣ ਬੈਠੇ ਪਰਿਵਾਰ ਦੇ ਬਾਕੀ ਜੀਆਂ ਦੇ ਕੰਨ ਖੜੇ ਹੋ ਗਏ। ਉਹ ਇੱਕ ਧਿਆਨ ਹੋ ਉਹਨਾਂ ਦੇ ਬਚਨ
ਸਰਵਣ ਕਰਨ ਲੱਗੇ।
“ਛੇ ਮਹੀਨੇ ਹੋ ਗਏ ਉਸ ਨੂੰ ਵਿਛੜੇ ਨੂੰ, ਪਰ ਦਿਆਲੋ, ਕੁੜੇ ਗਤਿਆ ਨਹੀਂ ਹੋਈ ਅਜੇ। ਭਟਕਦਾ ਫਿਰਦਾ।” ਮਹਾਰਾਜ
ਨੇ ਭੇਦ ਭਰੇ ਬਚਨਾਂ ਵਿਚ ਖੁਲਾਸਾ ਕੀਤਾ।“ਹਾਏ ਮਹਾਰਾਜ ਅਜੇ ਭਟਕਦਾ ਈ ਫਿਰਦਾ? ਵਾਗਰੂ ! ਵਾਗਰੂ ! ਖਰੇ ਕੀ ਮਨਜ਼ੂਰ ਐ ਮਾਲਕ ਨੂੰ?” ਉਹ ਗੰਭੀਰ ਲਹਿਜੇ ਨਾਲ ਦੋਨੋਂ ਹੱਥ ਜੋੜ ਕੇ ਬੋਲੀ।
“ਬੇਟਾ ਫਿਕਰ ਨਾ ਕਰੋ, ਹੋਏਗੀ। ਜਰੂਰ ਹੋਏਗੀ। ਪਰ ਅਸੀਂ ਦੇਖ ਰਹੇਂ ਹਾਂ। ਅੱਜ ਉਹ ਖੁਸ਼ ਐ। ਕੁਝ ਦੇਣ ਆਇਆ ਤੈਨੂੰ। ਉਠ ਬੇਟਾ। ਜਾ ਲੈ ਆ। ਤੇਰੀ ਰਾਹ ਦੇਖ ਰਿਹੈ।” ਮਹਾਰਾਜ ਬੋਲਦੇ ਗਏ।
“ਜੈ! ਵੱਡੇ ਸੰਤਾਂ ਦੀ ਵਾਗਰੂ! ਵਾਗਰੂ! ਵਾਗਰੂ! ਜੈ ਵੱਡੇ ਸੰਤਾਂ ਦੀ..ਵਾਗਰੂ!” ਦਿਆਲੋ ਏਨੇ ਸ਼ਬਦ ਲਗਾਤਾਰ ਉਚਾਰਦੀ ਹੋਈ ਨੰਗੇ ਪੈਰੀਂ ਪਿੰਡ ਦੇ ਬਾਹਰ ਵਾਲੇ ਅੰਬਾਂ ਦੇ ਬਾਗ਼ ਵੱਲ ਹੋ ਤੁਰੀ।
ਬਾਗ਼ ਵਿਚੋਂ ਕਾਫੀ
ਜਦੋ-ਜਹਿਦ ਦੇ ਬਾਦ ਕੁਬੜੇ ਅੰਬ ਦਾ ਬੂਟਾ ਉਸ ਨੇ ਲੱਭ ਹੀ ਲਿਆ। ਹੁਣ ਉਹ ਉਸ ਬੂਟੇ ਹੇਠ ਖੜੀ ਹੋ
ਕੇ ਸ਼ਬਦ ਉਚਾਰਣ ਕਰਨ ਲੱਗੀ। ਕਾਫੀ ਸਮਾਂ ਬੀਤ ਗਿਆ। ਅਚਾਨਕ ਉਪਰੋਂ ਟੁੱਟ ਕੇ ਇੱਕ ਅੰਬ ਉਸ ਦੀ
ਝੋਲੀ ਵਿਚ ਆ ਡਿੱਗਿਆ। ਉਸ ਦੇ ਸ਼ਬਦ ਉਚਾਰਣ ਦੀ ਰਫਤਾਰ ਹੋਰ ਵੀ ਤੇਜ ਹੋ ਗਈ। ਉਸਦਾ ਦਿਲ ਤੇਜੀ ਨਾਲ
ਧੜਕਣ ਲੱਗਾ। ਪਰ ਜੋ ਉਹ ਦੇਖਣਾ ਚਾਹੁੰਦੀ ਸੀ, ਉਹ ਨਾ ਉਸ ਨੂੰ ਦਿਸਿਆ। ਉਸ ਨੂੰ ਇੰਝ ਲੱਗਣ ਲੱਗਾ ਕਿ ਉਸ ਦਾ ਅਚੇਤ ਮਨ ਉਸ ਦੇ ਪਤੀ ਗਰੀਬੂ ਨੂੰ ਜਿਵੇਂ
ਆਪਣੇ ਬਹੁਤ ਨਜ਼ਦੀਕ ਖੜਾ ਮਹਿਸੂਸ ਕਰ ਰਿਹਾ ਹੋਵੇ। ਪਰ ਦੂਸਰੇ ਹੀ ਪਲ ਉਸਨੂੰ ਲੱਗਾ ਕਿ ਜਿਵੇਂ
ਕੋਈ ਅਲੌਕਿਕ ਸ਼ਕਤੀ ਗਰੀਬੂ ਨੂੰ ਉਸ ਕੋਲੋਂ ਦੂਰ ਲੈ ਕੇ ਜਾ ਰਹੀ ਹੋਵੇ। ਮਾਨੋ, ਗਰੀਬੂ ਦੀ ਗਤੀ ਹੋ
ਚੁੱਕੀ ਸੀ। ਹੁਣ ਅੱਖਾਂ ਵਿਚ ਹੰਝੂ ਲੈ ਕੇ ਉਹ ਘਰ ਨੂੰ ਮੁੜ ਪਈ।
ਭੁਪਿੰਦਰ।
No comments:
Post a Comment