Saturday, March 10, 2012

ਹਾਸ-ਵਿਅੰਗ


ਅਜੋਕੀ ਗਾਇਕੀ

(Note: This sattire was published in internet magazine "LIKHARI.ORG")


"ਕੋਈ ਦਿਨ ਖੇਡ ਲੈ ... ਮੌਜਾਂ ਮਾਣ ਲੈ ... ਤੈਂ ਭੱਜ ਜਾਵਣਾ … ਓ ਕੰਗਣਾ ਕੱਚ ਦਿਆ ...!"ਗੀਤ-ਸੰਗੀਤ ਰੂਹ ਦੀ ਖੁਰਾਕ ਹੈ। ਜਦ ਸੰਗੀਤ ਦੀਆਂ ਧੁਨਾਂ ਕੰਨਾਂ ਦੇ ਤੰਤੂਆਂ ਵਿੱਚ ਕੰਪਨ ਪੈਦਾ ਕਰਦੀਆਂ ਹੋਈਆਂ ਦਿਮਾਗ਼ ’ਤੇ ਦਸਤਕ ਦੇਂਦੀਆਂ ਹਨ ਤਾਂ ਸਰੋਤਿਆਂ ਦਾ ਸਾਰਾ ਸਰੀਰ ਇਕਸਾਰ ਹੋ ਜਾਂਦਾ ਹੈ। ਰੂਹ ਖਿੜ ਉੱਠਦੀ ਹੈ ਅਤੇ ਅਨੰਦ ਵਿੱਚ ਝੂਮਣ ਲਗਦੀ ਹੈ।ਦਰਅਸਲ, ਸੰਗੀਤ ਇੱਕ ਜਾਦੂ ਹੈ। ਜੇਕਰ ਮੁਗ਼ਲ ਅਕਬਰ ਦੇ ਦਰਬਾਰ ਵਿੱਚ ਝਾਤ ਮਾਰੀਏ ਤਾਂ ਉਸ ਦੇ ਨੌਂ ਰਤਨਾਂ ਵਿੱਚੋਂ ਇੱਕ ਰਤਨ ਹੋਇਆ ਹੈ, ਤਾਨਸੇਨ । ਸੁਣਿਆਂ ਹੈ ਕਿ ਇਹ ਜਦ ਗਾਉਂਦਾ ਸੀ ਤਾਂ ਕਾਇਨਾਤ ਝੂਮ ਉੱਠਦੀ ਸੀ। ਇਸ ਦਾ ਦੀਪਕ ਰਾਗ਼ ਬੁਝੇ ਹੋਏ ਦੀਪਕ ਰੌਸ਼ਨ ਕਰ ਦੇਂਦਾ ਸੀ। ਇਸ ਦੇ ਹੀ ਸਮਕਾਲੀ ਇੱਕ ਬ੍ਰਾਮਣ ਭਗਤ ਸੂਰਦਾਸ ਦੇ ਅੰਤਰ-ਮਨ ਦੀ ਵੇਦਨਾ (ਪ੍ਰਮਾਤਮਾ ਨੂੰ ਪਾਉਣ ਦੀ ਇੱਛਾ) ਜਦੋਂ ਸੰਗੀਤ ਦੀਆਂ ਧੁਨਾਂ ਬਣ ਕੇ ਹਵਾ ਵਿੱਚ ਫੈਲਦੀ ਸੀ ਤਾਂ ਕੁਦਰਤ ਇਸ ਦੇ ਬੰਧਨ ਵਿੱਚ ਬੱਝ ਜਾਂਦੀ ਸੀ।


ਪਰ ਹੁਣ ਸਮਾਂ ਬੀਤਣ ਦੇ ਨਾਲ-ਨਾਲ ਗੀਤ-ਸੰਗੀਤ ਦੇ ਅਰਥ਼ ਵੀ ਬਦਲ ਚੁੱਕੇ ਹਨ। ਅੱਜ ਇਹ ਸਭ ਕੁਝ "ਗਾਇਕੀ" ਹੈ ਅਤੇ ਕਲਾਕਾਰ "ਗਾਇਕ"। ਪਰ ਜੇਕਰ ਗੌਹ ਨਾਲ ਵੇਖੀਏ ਤਾਂ ਇਹ ਗਾਇਕੀ ਘੱਟ ਅਤੇ "ਨੱਠ-ਭੱਜ" ਜ਼ਿਆਦਾ ਲਗਦੀ ਹੈ । "ਧਕ-ਧਕ", ... ਹੋਏ-ਹੋਏ" ਕਰਕੇ ਪੈਸਾ ਬਣਾਉਣ ਦਾ ਇਕ ਸਾਧਨ। ਜ਼ਿਕਰ ਯੋਗ ਹੈ ਕਿ ਚੰਗਾ ਗਾਉਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ। ਜਿਨ੍ਹਾਂ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ ਹੈ। ਦੇਸਾਂ-ਵਿਦੇਸਾਂ ਵਿੱਚ ਬੜਾ ਨਾਮ ਕਮਾਇਆ ਅਤੇ ਉਪਾਧੀਆਂ ਹਾਸਲ ਕੀਤੀਆਂ ਹਨ।


"ਹਾੜ੍ਹੀ ਵੇਚ ਕੇ ਬਣਾ ਲਏ ਛੈਣੇ, ਜੱਟਾਂ ਦਾ ਮੁੰਡਾ ਗਾਉਣ ਲੱਗਿਆ।"

ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਠੀਕ ਸੀ, ਪਰ ਸਾਡੇ "ਘੁੱਦੂ ਸ਼ਾਹ" ਨੂੰ ਵੀ ਇਸ ਬੂਖ਼ਾਰ ਨੇ ਡੱਸ ਲਿਆ ਸ਼ਾਹ ਹੋਰਾਂ ਸਿਰ ਦੇ ਵਾਲ਼ਾਂ ਨੂੰ ਜੈੱਲ-ਸ਼ੈੱਲ ਲਾ ਕੇ ਅੱਧ-ਵੱਡੀ ਕਾਹ ਵਰਗੇ ਕਰ ਲਏ। ਫਰੈਂਚ-ਕੱਟ ਦਾੜ੍ਹੀ, ਦਸ ਉਂਗਲ਼ਾਂ ਵਿੱਚ ਬਾਰਾਂ ਛੱਲੇ ਤੇ ਗਲ਼ ਵਿੱਚ ਮੋਟੀ ਜਿਹੀ ਸੋਨੇ ਦੀ ਚੇਨ ਪਾ ਕੇ ਸ਼ਾਹ ਹੋਰੀਂ ਹੁਣ ਨਿਰੇ-ਪੁਰੇ "ਗਾਇਕ" ਲੱਗਣ ਲੱਗ ਪਏ। ਇਹ ਚਮਤਕਾਰ ਤਾਂ ਹੋਇਆ, ਕਿ ਬਾਪੂ ਨੂੰ "ਬਲੈਕ-ਮੇਲ" ਕਰਕੇ, ਧਮਕੀਆਂ ਦੇ ਕੇ ਨਿਆਈਂ ਵਾਲ਼ਾ ਕਿੱਲਾ ਗਹਿਣੇ ਕਰਾ ਛੱਡਿਆ। ... ਤੇ ਸੰਗੀਤ ਦਾ ਸਾਰਾ ਸਾਜ਼ੋ-ਸਮਾਨ ਲੈ ਆਂਦਾ। ਹੁਣ ਕਿਸੇ "ਸਿਆਣੇ" ਨੇ ਦੱਸ ਪਾਈ ਬਈ ਗਾਉਣ ਲਈ, ਰਿਆਜ਼ ਕਰਨਾ ਜ਼ਰੂਰੀ ਹੈ। ਸ਼ਾਹ ਹੋਰਾਂ ਰੋਜ਼ ਸਵੇਰੇ-ਸ਼ਾਮ ਰਿਆਜ਼ ਦੇ ਬਹਾਨੇ ਗੁਆਂਢੀਆਂ ਦਾ ਜਿਉਣਾ ਹਰਾਮ ਕਰ ਛੱਡਿਆ। ਕਿਸੇ ਹੋਰ ਗਾਇਕ ਦੇ ਗਾਏ ਗਾਣੇ ਦੀ ਤਰਜ਼ ਗਾਉਂਦੇ:


“ਚੱਕ ਲਉ ... ਦੁਨਾਲ਼ੀਆਂ-ਰਫ਼ਲਾਂ ... ਬਈ ... ਕਬਜ਼ਾ ਲੈਣਾ ਐਂ।”


“ਗੱਡੀ-ਨੱਡੀ ... ਹਰ ਕੋਈ ਮਿੱਤਰੋ ... ਸੋਹਣੀ ਚਾਹੁੰਦਾ ਏ।”


“ਕਾਲਜ 'ਚ ਕੁੰਡੀਆਂ ਦੇ ... ਕੁੰਡ ਫਸ ਗਏ ...।”


“ਪਹਿਲਾ ਪੈੱਗ ਲਾ ਕੇ ... ਤੇਰੀ ਬਾਂਹ ਫੜਨੀ ...।”


ਤਾਂ ਨਾਲ ਦਾ ਗੁਆਂਢੀ ਸਵੇਰੇ-ਸਵੇਰੇ ਸਿਰ੍ਹਾਣੇ 'ਚੋਂ ਮੂੰਹ ਬਾਹਰ ਕੱਢ ਕੇ ਟਿੱਪਣੀ ਕਰਦਾ "ਆਹ ... ਘੁੱਦੂ ... ਪਾਗਲ ਹੋ ਗਿਆ ਯਾਰ!" ਦੂਸਰੀ ਗੁਆਂਡਣ ਗੁੱਸੇ 'ਚ ਆਖ ਦੇਂਦੀ, "ਮੌਤ-ਪੈਣਾ ...!! ... ਸਵੱਖ਼ਤੇ ... ਨਿਆਣੇ ’ਠਾਲ਼ ਛੱਡਦਾ ... ਮੇਰੇ ਭਾਅ ਦਾ ਸਿਆਪਾ!"


ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਠੀਕ ਸੀ, ... ਪਰ ਹੁਣ ਸ਼ਾਹ ਹੋਰਾਂ ਦੀ ਦੂਜੀ ਅੱਖ ਖੁੱਲ੍ਹੀ ਕਿ "ਐਲਬਮ" ਕੱਢੀ ਜਾਵੇ । ਸ਼ਾਹ ਜੀ "ਪਬਲੀਸਿਟੀ" ਬਾਰੇ ਅਖ਼ਬਾਰਾਂ ਵਿੱਚ ਪੜ੍ਹ ਚੁੱਕੇ ਸਨ। ਪਰ ਇਸ ਵਿੱਚ ਕਈ ਮੁਸ਼ਕਲਾਂ ਸਨ। ਜਿਨ੍ਹਾਂ ਵਿੱਚੋਂ ਮੁੱਖ ਸਨ ਪੈਸਾ, ਸਮੱਗਰੀ ਅਤੇ ਸਭ ਤੋਂ ਜਰੂਰੀ "ਕੰਟੈਕਟਸ"। ਪੈਸੇ ਲਈ ਤਾਂ ਬਾਪੂ ਦੇ ਸੰਘੇ ਵਿੱਚ ਫਿਰ ਅੰਗੂਠਾ ਆ ਗਿਆ। ਜੋ ਕਿੱਲਾ ਗਹਿਣੇ ਪਿਆ ਸੀ, ਉਹ ਬੈ ਕਰਾ ਛੱਡਿਆ। ਔਖੇ-ਸੌਖੇ ਸਮੱਗਰੀ ਵੀ ਲਿਖ-ਲਿਖਾ ਲਈ ਗਈ। ਬਾਕੀ ਬਚੀ ਗੱਲ ਕਿਸੇ ਚੰਗੀ ਰਿਕਾਡਿੰਗ ਕੰਪਨੀ ਦੀ, ਉਹ ਵੀ ਲੱਭ ਹੀ ਗਈ ... "ਖੈਅ-ਭੱਸ ਰਿਕਾਡਸ"। ਸ਼ਾਹ ਹੋਰਾਂ ਆਪਣੀ ਕੈਸਟ ਦਾ ਨਾਂ ਰੱਖਿਆ, "ਉਂਜ ਤਾਂ ਪੰਜਾਹ ਕਿੱਲੇ ... ਐ!" ਪਹਿਲਾਂ-ਪਹਿਲਾਂ ਸ਼ਾਹ ਹੋਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡਾਇਰੈਕਟਰ ਸਾਬ੍ਹ ਤੋਂ ਬੁਰਾ-ਭਲਾ ਵੀ ਸੁਣਨਾ ਪਿਆ। ਭਾਵਨਾ ਤੋਂ ਅਣਜਾਣ ਆਪ ਨੇ ਖੁਸ਼ੀਆਂ ਭਰੇ ਗੀਤ ਵੀ "ਲਟਕੇ" ਹੋਏ ਚਿਹਰੇ ਨਾਲ ਹੀ ਗਾ ਛੱਡੇ। ਭੰਗੜੇ ਵਿੱਚ ਆਪ ਦਾ ਹੱਥ ਤੰਗ ਹੋਣ ਕਰਕੇ ਆਪ ਨੂੰ ਡਾਇਰੈਕਟਰ ਸਾਬ੍ਹ ਵੱਲੋਂ ਹਦਾਇਤ ਮਿਲੀ ਕਿ ਆਪ ਸਾਰੇ ਭੰਗੜੇ ਵਾਲੇ ਗਾਣੇ ਕੁਰਸੀ 'ਤੇ ਬੈਠ ਕੇ ਕਰੋਗੇ। ਫਿਰ ਕੀ ਸੀ, ਸ਼ਾਹ ਜੀ ਕਦੀ ਕੁਰਸੀ ਉੱਤੇ, ਕਦੀ ਅੱਗੇ, ਕਦੀ ਪਿੱਛੇ। ਬੱਸ, ਕੁਰਸੀ ਸਿਰ ਤੱਕ ਨਾ ਪਹੁੰਚ ਸਕੀ, ਕਿਉਂਕਿ ਐਕਸ਼ਨ ਹੀ ਏਨੇ ਸਨ ਕਿ ਤਦ ਤੱਕ ਗਾਣਾ ਹੀ ਖਤਮ ਹੋ ਜਾਂਦਾ ਸੀ। ਖ਼ੈਰ! ... ਰਿਕਾਡਿੰਗ ਮੁਕੰਮਲ ਹੋਈ। ਐਲਬਮ ਰਿਲੀਜ਼ ਕਰਨ ਦਾ ਵਕਤ ਆਇਆ ਤਾਂ ਡਾਇਰੈਕਰ ਸਾਬ੍ਹ ਹੋਰੀਂ ਪੰਜਾਲ਼ੀ ਸੁੱਟ ਬੇਠੈ, ਅਖੇ "ਬਈ ... ਫੀਸ ਹੋਰ ਲੱਗੂ, ... ਮਹੂਰਤ ਫੀਸ!"
"ਕਿਤੇ ’ਕੱਲੀ ਬਹਿ ਕੇ ਸੋਚੀਂ ਨੀ ... ਅਸੀਂ ਕੀ ਨਈਂ ਕੀਤਾ ਤੇਰੇ ਲਈ?"


ਪੈ ਗਈ ਭਸੂੜੀ। ਸ਼ਾਹ ਜੀ ਦੀ "ਸਰਗਮ" ਬਦਲ ਗਈ ਅਤੇ ਕੰਨਾਂ ਵਿੱਚੋਂ "ੜਾਂ-ੜਾਂ" ਦੀਆਂ ਆਵਾਜ਼ ਬਣਕੇ ਬਾਹਰ ਆਉਣ ਲੱਗੀ। ਪਰ ਸ਼ਾਹ ਜੀ ਦੀ ਮਿਹਨਤ ਅਤੇ ਲਗਨ ਨੇ ਬਾਪੂ ਦਾ ਮੰਜਾ ਇਕ ਵਾਰ ਫਿਰ ਘੜੀਸਿਆ ... ਤੇ ਗੱਲ ਬਣ ਗਈ। ਐਲਬਮ ਰਿਲੀਜ਼ ਹੋ ਕੇ ਮਾਰਕੀਟ ਵਿੱਚ ਆਈ ਤਾਂ ਸ਼ਾਹ ਜੀ ਨੇ ਬੱਲੇ-ਬੱਲੇ ਕਰਾ ਛੱਡੀ।


ਸ਼ਾਹ ਜੀ ਦੇ ਗਾਣਿਆਂ ਵਿੱਚ ਲੜਾਈ-ਝਗੜੇ ਦਾ ਸਾਮਾਨ ਜਿਵੇਂ, ... ਛਵ੍ਹੀਆਂ, ਟਕੁਏ, ਗੋਲ਼ੀ-ਸਿੱਕਾ, ਬਾਰੂਦ ਅਤੇ ਵੱਢ-ਵਢਾਂਗੇ ਦਾ ਜ਼ਿਕਰ ਬਹੁਤ ਸੁਣਨ ਨੂੰ ਮਿਲਿਆ। ਕਈ ਭੈੜੇ ਨਸ਼ਿਆਂ ਦਾ ਵੀ ਬਹੁਤ ਖੁੱਲਾ ਪ੍ਰਦਰਸ਼ਨ ਤੇ ਪ੍ਰਚਾਰ ਕੀਤਾ ਗਿਆ ਦਿਖਾਈ ਦਿੱਤਾ। ਧੀਆਂ-ਭੈਣਾਂ ਦੀ ਇੱਜ਼ਤ ਆਪ ਨੇ ਸਰੋਤਿਆਂ ਦੇ ਪੈਰਾਂ ਵਿੱਚ ਰੋਲ਼ ਛੱਡੀ। ਪੰਜਾਬ ਦੀ ਜਾਈ ਉਸ ਹਰ ਧੀ ਨੂੰ ਸੋਚਾਂ ਵਿੱਚ ਪਾ ਦਿੱਤਾ, ਜਿਸ ਦਾ ਰੰਗ-ਰੂਪ ਬਹੁਤਾ ਸੋਹਣਾ ਨਹੀਂ ਹੈ। ਉਹ ਸ਼ੀਸ਼ੇ ਮੁਹਰੇ ਬੈਠ ਕੇ ... ਆਪਣੇ ਰੱਬ, ... ਮਾਪਿਆਂ ... ਤੇ ... ਆਪਣੇ ਸਿਆਹ ਰੰਗ ਨੂੰ ਕੋਸਣ ਲੱਗੀ। ... ਪਰ, ਹੁਣ ਉਹ ਇੰਤਜ਼ਾਰ ਕਰਦੀ ਹੈ ਉਸ ਗਾਇਕ "ਵੀਰ" ਦਾ ਜਿਹੜਾ ਉਸ ਦੇ ਇਸ ਅੰਤਰ-ਮਨ ਦੀ ਪੀੜ ਨੂੰ ਮਨਫ਼ੀ ਕਰੇਗਾ।


ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਠੀਕ ਸੀ ... ਪਰ ਸ਼ਾਹ ਜੀ ਦਾ "ਡਾਂਗ-ਸੋਟਾ" ਕਹਿ-ਕੁਹਾ ਕੇ ਹੁਣ ਰੇਡੀਉ, ਟੀ.ਵੀ ਅਤੇ ਇੰਟਰਨੈੱਟ ਤੇ ਵੀ ਖੜਕਣ ਲੱਗਾ। ਆਪਨੇ ਸਰੋਤਿਆਂ ਦੀ ਬਹੁਤ ਵਾਹ-ਵਾਹ ਖੱਟੀ। ਟੀ.ਵੀ ਉੱਤੇ ਨਵੀਆਂ-ਨਵੀਆਂ ਮਾਡਲਾਂ ਨਾਲ਼ "ਘਸ-ਘਸ" ਕੇ ਡਾਂਸ ਕਰਨਾ ... ਨਵੀਂ ਪੀੜ੍ਹੀ ਨੂੰ ਭਾਅ ਗਿਆ। ... ਕਿਸੇ ਘਰ ਵਿੱਚ ਦੋ ਪਿਉ-ਪੁੱਤਰਾਂ ਦੀ ਲੜਾਈ ਹੋ ਗਈ। ਚੰਗੀ ਖੱਪ ਪੈ ਰਹੀ ਸੀ। ਪਿਤਾ ਸ੍ਰੀ ਨੇ ਗੁੱਸੇ ਵਿੱਚ ਆ ਕੇ ਟੀ.ਵੀ ਭੰਨ ਸੁਟਿਆ। ਪਤਾ ਚੱਲਿਆ ਕਿ ਪੁੱਤਰ “ਘੁੱਦੇ” ਦਾ ਧੂਮ-ਧੜੱਕਾ ਸੁਣਨ ਦੀ ਜ਼ਿੱਦ ਕਰ ਰਿਹਾ ਸੀ ਤੇ ਪਿਉ ਦੀ ਸੂਈ "ਭਜਨ" ’ਤੇ ਅਟਕੀ ਹੋਈ ਸੀ।


ਕਿਸੇ ਇੰਟਰਵਿਉ ਵਿੱਚ, "ਸ਼ਾਹ ਜੀ ਆਪਣੇ ਤੇ ਆਪਣੀ ਪਲ਼ੇਠੀ ਐਲਬਮ ਬਾਰੇ ਦੋ ਸ਼ਬਦ ਕਹੋ?" ਦੇ ਉੱਤਰ ਵਿੱਚ ਸ਼ਾਹ ਜੀ ਬੋਲੇ, "ਮੈਂ ਜੀ ਬਸ, ... ਜਿਵੇਂ ਸਰੋਤੇ ਜਾਣਦੇ ਹਨ ... ਮੇਰਾ ਨਾਂ ਘੂੱਦਾ-ਸ਼ਾਹ ਹੈ ... ਮੈਂਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ... ਤੇ ਉਸ "ਮਿਹਨਤ ਤੇ ਲਗਨ" ਅਤੇ ਫ਼ਾਦਰ ਸ੍ਹਾਬ ਹੋਰਾਂ ਦੀ ਪ੍ਰੇਰਨਾ (ਪੀੜ) ਦਾ ਨਤੀਜਾ ਆਪਦੇ ਸਾਹਮਣੇ ਹੈ, ... ਮੇਰੀ ਪਹਿਲੀ ਐਲਬਮ "ਉਂਜ ਤਾਂ ਪੰਜਾਹ ਕਿੱਲੇ ਐ" ... (ਬਸ ...ਵਿਕਿਆ ਤਾਂ ਇੱਕ ਈ ਐ!) ਇਸ ਨੂੰ ਆਪ ਸਰੋਤਿਆਂ ਨੇ ਬੜਾ ਪਿਆਰ ਦਿੱਤਾ ਹੈ।
"ਆਪਦੇ ਸੰਗੀਤਕ-ਗੁਰੂ?"


"ਨਹੀਂ ਜੀ ... ਮੈਂ ਦਰਅਸਲ ਟੀ.ਵੀ, ਟੇਪ-ਰਿਕਾਟਾਂ ਅਤੇ ਹੋਰ ਇਸ ਕਿਸਮ ਦੇ ਸੰਗੀਤ ਤੋਂ ਬਹੁਤ ਸਿੱਖਿਆ ਹੈ।"


"ਕੁਝ ਰਾਗਾਂ ਬਾਰੇ ਦੱਸੋ? ਤੁਹਾਨੂੰ ਕਿਹੜਾ ਰਾਗ ਸੱਭ ਤੋਂ ਜ਼ਿਆਦਾ ਪਸੰਦ ਹੈ?"


ਹੁਣ ਸ਼ਾਹ ਜੀ ਹੋਰਾਂ ਦੀ "ਮੱਝ ਖੁੱਲ੍ਹ ਜਾਂਦੀ ਹੈ।"


"... ਜੀ ... ਰਾਗ? ... ਰਾਗ ਤਾਂ ਜੀ ਸਾਰੇ ਵਧੀਆ ਨੇ ਜੀ ... (ਹੱਸ ਕੇ) ... ਜਿਹੜੇ ਵਿੱਚ ਮਰਜ਼ੀ ਗਾ ਲਉ।"
ਖੈਰ ਗੱਲ ਇੱਥੇ ਹੀ ਮੁੱਕ ਜਾਂਦੀ ਤਾਂ ਠੀਕ ਸੀ...ਪਰ,


"ਫਲਾਣੇ ਗਾਇਕ ਨੇ ਲੁੱਟਿਆ ... ਕਨੇਡਾ ਦੇ ਸਰੋਤਿਆਂ ਦਾ ਦਿਲ।" ਇਕ ਅਖ਼ਬਾਰ ਵਿੱਚ ਛਪੀ ਇਸ ਖ਼ਬਰ ਨੇ ਸ਼ਾਹ ਜੀ ਹੋਰਾਂ ਦੇ ਦਿਲ ਵਿੱਚ ਇਕ ਨਵਾਂ "ਖੂੰਡਾ ਫੇਰ ਦਿੱਤਾ"। ਸ਼ਾਹ ਜੀ ਦੀ ਤੀਸਰੀ ਅੱਖ ਖੁੱਲ੍ਹੀ ... ਤੇ ਆਇਆ ਬਾਹਰਲੇ ਮੁਲਕਾਂ ਦੀਆਂ ਸਟੇਜਾਂ ਉੱਤੇ ਧੁੰਮਾਂ ਪਾਉਣ ਦਾ ਖਿਆਲ। ਆਪ ਨੇ ਚਾਰ-ਪੰਜ ਮੁੰਡਿਆਂ ਨੂੰ ਨਾਲ ਲੈ ਕੇ ਇਕ "ਖਾਂਦਾ-ਪੀਂਦਾ" ਆਰਕੈਸਟਰਾ ਤਿਆਰ ਕੀਤਾ। ਪਾਸਪੋਰਟਾਂ ’ਤੇ ਠੱਪੇ ਲਗਵਾ ਕੇ ਪਹਿਲੀ ਉਡਾਰੀ ਦੁਬਈ ਵੱਲ ਮਾਰ ਲਈ। ... ਬੱਸ ਫੇਰ ਕੀ ਸੀ ... ਅੱਜ ਇੰਗਲੈਂਡ ਤੇ ਕੱਲ੍ਹ ਅਮਰੀਕਾ। ਡਾਲਰਾਂ ਤੇ ਪਾਉਂਡਾਂ ਦੀ ਵਰਖਾ ਵਿੱਚ ਗੜੁੱਚ ਸ਼ਾਹ ਜੀ ਫੁੱਲੇ ਨਾ ਸਮਾਉਣ। ਇਸ "ਵੇਲ ਨੂੰ ਵਧਦਿਆਂ" ਵੇਖ ਕੇ ਆਪ ਨੂੰ ਵੱਡੇ-ਵੱਡੇ ਪ੍ਰੋਗਰਾਮਾਂ, ਵਿਆਹਾਂ-ਸ਼ਾਦੀਆਂ ਤੇ ਇੱਥੋਂ ਤੱਕ ਕੇ ਫ਼ਿਲਮ-ਇੰਡਸਟਰੀ ਤੋਂ ਵੀ ਟੈਲੀਫੋਨ ਕਾਲਾਂ ਆਉਣ ਲੱਗੀਆਂ।


"ਮੈਨੂੰ ਚੱਟ ਲੈ ਤਲ਼ੀ ਦੇ ਉੱਤੇ ਧਰ ਕੇ ... ਵੇ ਮਿੱਤਰਾ ਮੈਂ ਖੰਡ ਬਣ ਗਈ!"


ਮਾੜੀ ਕਿਸਮਤ, ਅਚਾਨਕ ਇੱਕ ਦਿਨ ਉਸ ਪੁਰਾਣੇ ਮਿੱਤਰ ਏਜੰਟ (ਕਬੂਤਰ-ਬਾਜ਼) ਦੀ ਕਾਲ ਆਈ, "ਸ਼ਾਹ ਜੀ! ਮੇਰੇ ਚਾਰ "ਬੰਦੇ" ਕਨੇਡਾ ਛੱਡ ਦਿਉ, ... ਤੇ ਦਸ-ਦਸ ਲੱਖ ... ਪਰ ਹੈੱਡ ਤੁਹਾਡਾ। ... ਤੁਹਾਡੀ ਸਿਰਫ਼ ‘ਹਾਂ’ ਤੇ ਬਾਕੀ ਕੰਮ ਮੇਰਾ।" ਪਹਿਲਾਂ ਤਾਂ ਸ਼ਾਹ ਜੀ ਹੋਰਾਂ ਨਾਂਹ-ਨੁੱਕਰ ਜਿਹੀ ਕੀਤੀ, ਪਰ ਹਰੇ-ਹਰੇ ਨੋਟਾਂ ਨੇ "ਹਾਂ" ਕਢਵਾ ਹੀ ਲਈ। ਇਕ ਵਾਰ ਸਿਲਸਿਲਾ ਸ਼ੁਰੂ ਹੋਇਆ ... ਬਸ ਫੇਰ ਸ਼ਾਹ ਜੀ ਹੋਰੀਂ ਆਏ ਮਹੀਨੇ ... ਦੋ-ਚਾਰ ਕਬੂਤਰਾਂ ਨੂੰ ਲੈ ਕੇ ਕਦੀ ਅਮਰੀਕਾ, ਕਦੀ ਕਨੇਡਾ, ਆਸਟਰੇਲੀਆ ਤੇ ਕਦੇ ਇੰਗਲੈਂਡ। ਸ਼ਾਹ ਜੀ ਦੀ ਚਾਂਦੀ ਹੀ ਚਾਂਦੀ। ਪਰ ਜਿਵੇਂ ਸਿਆਣੇ ਕਹਿੰਦੇ ਨੇ, ... ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਬਸ ਹੋਇਆ ਉਹੀ, ਜੋ ਹੋਣਾ ਸੀ। ਦਿੱਲੀ ਦੇ ਹਵਾਈ ਅੱਡੇ ’ਤੇ ਸ਼ਾਹ ਜੀ ਪੰਜ ਬੰਦਿਆਂ, ਕੁਝ ਜਾਅਲੀ ਦਸਤਾਵੇਜਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਆ ਗਏ ਤੇ ਪਹੁੰਚ ਗਏ ਸਿੱਧੇ ਤਿਹਾੜ ਜੇਲ੍ਹ। ਕਈ ਦਿਨਾਂ ਤੱਕ ਸ਼ਾਹ ਜੀ ਦਾ "ਖਾਂਦਾ-ਪੀਂਦਾ" ਆਰਕੈਸਟਰਾ ਤਿਹਾੜ ਜੇਲ੍ਹ ਵਿੱਚ ਵੱਜਦਾ ਸੁਣਾਈ ਦਿੱਤਾ।


ਗੱਲ ਅਜੇ ਮੁਕਦੀ ਨਹੀਂ। ਕਿਉਂਕਿ ਅਜੋਕੀ ਗਾਇਕੀ ਮਹਿਜ਼ ਪੈਸੇ ਤੇ ਮਨੋਰੰਜਨ ਦਾ ਇਕ ਸਾਧਨ ਹੈ। ਇਸ ਦੀ ਕੁੱਖ ਵਿੱਚ ਹੋਰ ਕੋਈ ਗੁਣ ਨਹੀਂ ਜਾਪਦਾ। ਸਗੋਂ ਇਸ ਕੋਲ ਵੰਡਣ ਲਈ ਔਗੁਣ ਹੀ ਔਗੁਣ ਹਨ।


ਇਹ ਸਮਾਜ ਵਿੱਚ ਫੈਲੀਆਂ ਕਰੋੜਾਂ ਬੁਰਾਈਆਂ ਤੇ ਅਸਮਾਨਤਾਵਾਂ ਤੇ ਚੋਟ ਕਰਨ ਦੀ ਮੁਦਈ ਕਿਸੇ ਪਾਸਿਉਂ ਵੀ ਨਹੀਂ ਲਗਦੀ। ਇਹ ਪੰਜਾਬ ਵਿੱਚ ਫ਼ੈਲੇ ਭ੍ਰਿਸ਼ਟਾਚਾਰ (ਜਿਸ ਕਾਰਣ ਮਹਿੰਗਾਈ ਵਧੀ), ਬੇਰੁਜ਼ਗਾਰੀ (ਜਿਸ ਕਾਰਣ ਪੰਜਾਬ ਅੱਜ ਪੰਜਾਬ ਨਹੀਂ, ਸਗੋਂ ਬਿਹਾਰ ਲਗਦਾ ਹੈ), ਨਸ਼ਿਆਂ (ਜਿਸ ਕਾਰਣ ਪੰਜਾਬ ਦੇ ਉੱਚੇ-ਲੰਮੇ ਤੇ ਸੋਹਣੇ ਗੱਭਰੂ ਨੇ ਆਪਣੀ ਹੋਂਦ ਗਵਾ ਲਈ ਹੈ), ਦਹੇਜ਼-ਪ੍ਰਥਾ (ਜੋ ਧੀਆਂ ਦੀ ਬਲੀ ਮੰਗਦਾ ਹੈ) ਅਤੇ ਹੋਰ ਅਨੇਕਾਂ ਬਿਮਾਰੀਆਂ ਨੂੰ ਨਜ਼ਰ-ਅੰਦਾਜ਼ ਕਰਦੀ ਹੈ ਅਤੇ ਇਸ ਵਿੱਚ ਕੋਈ ਦਰਸ਼ਨ ਨਹੀਂ ਹੈ।


ਪੰਜਾਬੀ ਗਾਇਕ ਇੱਕ ਕਿਸਮ ਦੀ ਕਾਹਲ਼ੀ ਵਿੱਚ ਲਗਦਾ ਹੈ। ਇਹ ਭੁੱਲ ਚੁੱਕਾ ਹੈ ਕਿ ਅਵਾਜ਼ ਬੁਲੰਦ ਕਰਨ ਵਾਲਾ ਵਿਅਕਤੀ ਇੱਕ ਪੈਗ਼ੰਬਰ ਹੁੰਦਾ ਹੈ, ਜੋ ਲੋਕਾਈ ਨੂੰ ਕੋਈ ਸੁਹਿਰਦ ਸੁਨੇਹਾ ਦੇਂਦਾ ਹੈ ਜਾਂ ਫਿਰ ਵਰਤ ਰਹੀ ਹੋਣੀ ਕੀ ਭਾਣਾ ਵਰਤਾਵੇਗੀ, ਤੋਂ ਖ਼ਬਰਦਾਰ ਕਰਦਾ ਹੈ। ਉਹ ਇੱਕ ਗਿਆਨੀ ਹੈ, ਜਿਸ ਦੀਆਂ ਹਜ਼ਾਰਾਂ ਹੀ ਜਿੰਮੇਵਾਰੀਆਂ ਹਨ। ਉਸ ਦੇ ਮੂੰਹ ਵਿੱਚੋਂ ਨਿਕਲ਼ਿਆ ਹਰ ਬੋਲ ਸਮਾਜ ਵਿੱਚ ਕੋਈ ਨਾ ਕੋਈ ਨਵਾਂ ਰੰਗ ਭਰੇਗਾ।
ਇਸ ਲਈ ਅਖ਼ੀਰ ਵਿੱਚ ਸ਼ਾਹ ਜੀ ਹੋਰਾਂ ਨੂੰ ਅਪੀਲ ਹੈ ਕਿ ਵੀਰ ਜੀ ਆਉ ... "ਭੇਡ-ਚਾਲ" ਤੋੜ ਕੇ ਕੁਝ ਚੰਗਾ ਗਾਈਏ। ਕੁਝ ਨਵਾਂ ਸਿਰਜੀਏ।
------------------------------------------------------------------------------------------------------------------------


ਭੁਪਿੰਦਰ।

No comments:

Post a Comment