Tuesday, June 9, 2015

ਲੇਖ


 ਕੁਦਰਤ ਦੇ ਰੰਗਾਂ ਵਿੱਚ ਰੰਗਿਆ ਇਕ ਪ੍ਰੌੜ ਸ਼ਾਇਰ

- ਰਤਨ ਟਾਹਲਵੀ

ਰਤਨ ਟਾਹਲਵੀ ਦਾ ਨਾਂ ਅੱਜ ਸ਼ਾਇਦ ਹੀ ਕਿਸੇ ਜਾਣ-ਪਛਾਣ ਦਾ ਮੁਥਾਜ ਹੈ। ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿਚ ਇਸ ਨਾਂ ਲਈ ਇਕ ਵਿਸ਼ੇਸ਼ ਥਾਂ ਹੈ। ਆਪਣੀ ਸੁਹਿਰਦ ਅਤੇ ਸੱਭਿਆਚਾਰਕ ਲੇਖਣੀ ਕਰਕੇ ਇਹ ਅਨੇਕਾਂ ਹੀ ਵਾਰ ਸਨਮਾਨਿਤ ਹੋ ਚੁੱਕੇ ਹਨਸਟੇਜਾਂ ਉਤੇ ਅਤੇ ਹੋਰ ਮੀਡੀਏ ਵਿੱਚ ਉਹਨਾਂ ਨੂੰ ਵੱਖਰੇ-ਵੱਖਰੇ ਖਿਤਾਬ ਜਿਵੇਂ  ‘ਕੁਦਰਤ ਦਾ ਕਵੀ’, ‘ਵਗਦੇ ਦਰਿਆਵਾਂ ਦਾ ਵਹਿਣ’ ਆਦਿ ਮਿਲ ਚੁੱਕੇ ਹਨ। ਖੁੱਲੇ-ਡੁੱਲੇ ਅਤੇ ਸਾਊ ਸੁਭਾਅ ਦੇ ਇਸ ਪ੍ਰੌੜ ਸ਼ਾਇਰ ਦਾ ਜਨਮ ਜਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਟਾਹਲੀ, ਪਿਤਾ ਸਵ.ਸ. ਚਰਨ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜ ਕੌਰ ਦੀ ਕੁਖੋਂ ਸਾਲ 1956 ਵਿੱਚ ਹੋਇਆ। ਬਚਪਨ ਇੱਕ ਆਮ ਬੱਚੇ ਵਾਂਗ ਇਸ ਪਿੰਡ ਦੀਆਂ ਵਾਦੀਆਂ, ਸ਼ਾਂਤ ਵਗਦੇ ਦਰਿਆ ਦੇ ਮਨਚਲੇ ਪਾਣਿਆਂ ਨਾਲ ਅੱਠਖੇਲੀਆਂ ਕਰਦਿਆਂ ਅਤੇ ਇਹਨਾਂ ਦੇ ਗੀਤ ਗਾਉਂਦਿਆਂ ਹੀ ਗੁਜ਼ਰਿਆ। ਸਕੂਲ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ। ਅਗਲੇਰੀ ਪੜ੍ਹਾਈ ਕੁਝ ਘਰੇਲੂ ਕਾਰਨਾਂ ਕਰਕੇ ਵਿੱਚ ਹੀ ਰੋਕਣੀ ਪਈ। ਬਚਪਨ ਤੋਂ ਹੀ ਮਿੱਠ-ਬੋਲੜਾ ਸੁਭਾਅ, ਸਭ ਦੇ ਦਿਲਾਂ ਨੂੰ ਖਿੱਚ ਪਾਉਂਦਾ ਰਿਹਾ ਹੈ। ਕੋਈ ਵੀ ਜਾਣਕਾਰ ਹੋਵੇ ਜਾਂ ਫਿਰ ਅਣਜਾਣ ਬੰਦਾ ਇਹਨਾਂ ਦੇ ਦਾਰਸ਼ਨਿਕ ਸੁਭਾਅ ਦਾ ਕਾਇਲ ਹੋ ਕੇ ਰਹਿ ਜਾਂਦਾ ਹੈ। ਸ਼ਾਦੀ ਬੀਬੀ ਚਰਨਜੀਤ ਕੌਰ ਨਾਲ ਸਾਲ 1980 ਵਿਚ ਹੋਈ। ਪੰਜ ਜੀਆਂ ਦੇ ਪੂਰੇ ਪਰਿਵਾਰ ਵਿਚ ਦੋ ਸਪੁੱਤਰ ਸ.ਦਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਹਨ। ਸ.ਦਵਿੰਦਰ ਸਿੰਘ ਦੀ ਸ਼ਾਦੀ ਬੀਬੀ ਸੁਖਜਿੰਦਰ ਕੌਰ ਨਾਲ ਹੋ ਚੁੱਕੀ ਹੈ। ਕੋਈ ਵੀਹ ਕੁ ਸਾਲਾਂ ਤੋਂ ਆਪ ਖ਼ੁਦ ਉਹ ਇੱਕ ਉਸ ਵਿੱਦਿਅਕ ਸੰਸਥਾ ਦੇ ਸੰਚਾਲਕ ਹਨ ਜੋ ਇਲਾਕੇ ਦੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕਰਦੀ ਹੈ। ਉਹ ਦੱਸਦੇ ਹਨ ਕਿ ਇਸ ਸੰਸਥਾ ਤੋਂ ਵਿੱਦਿਆ ਹਾਸਲ ਕਰ ਕੇ ਗਏ ਬੱਚਿਆਂ ਨੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ।    

                      ਪੰਜਾਬ ਦੀ ਧਰਤੀ ਉੱਪਰ ਵਗ ਰਹੇ ਨਸ਼ਿਆਂ ਦੇ ਦਰਿਆ ਤੋਂ ਨੌਜੁਆਨ ਪੀੜ੍ਹੀ ਅੱਜ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕੀ ਹੈ। ਅਠਾਰਾਂ ਤੋਂ ਲੈ ਕੇ ਤੀਹ ਸਾਲ ਦੇ ਨੌਜੁਆਨਾਂ ਦਾ ਇੱਕ ਵੱਡਾ ਹਿੱਸਾ ਪੂਰੀ ਤਰਾਂ ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ। ਪੰਜਾਬ ਦੀ ਇਸ ਅੱਜ ਦੀ ਹੋਣੀ ਨੂੰ ਦੇਖ ਕੇ ਇੱਕ ਆਮ ਇਨਸਾਨ ਦੰਦਾਂ ਹੇਠ ਜੀਭ ਲੈ ਕੇ ਰਹਿ ਜਾਂਦਾ ਹੈ। ਜਿੱਥੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਰਾਹੀਂ ਪੰਜਾਬੀ ਦੇ ਹੋਰ ਲੇਖਕ ਇਸ ਪਾਸੇ ਆਪਣਾ ਯੋਗਦਾਨ ਪਾ ਰਹੇ ਹਨ ਉਥੇ ਰਤਨ ਟਾਹਲਵੀ ਵੀ ਆਪਣੀ ਸ਼ਾਇਰੀ ਰਾਹੀ ਨਸ਼ਿਆਂ ਵਿੱਚ ਗ਼ਲਤਾਨ ਹੁੰਦੀ ਜਾ ਰਹੀ ਨੌਜੁਆਨ ਪੀੜ੍ਹੀ ਨੂੰ ਬਚਾਉਣ ਲਈ ਪੁਰਜ਼ੋਰ ਯਤਨਸ਼ੀਲ ਹਨ ਉਹਨਾਂ ਆਪਣੇ ਸਪੁੱਤਰ ਸ.ਦਵਿੰਦਰ ਸਿੰਘ ਹੁਰਾਂ ਨੂੰ ਵੀ ਲੇਖਣ ਕਲਾ ਵੱਲ ਪਰੇਰ ਲਿਆ ਹੈ। ਉਹਨਾਂ ਦੀ ਨਵੀਂ ਛਪੀ ਪੁਸਤਕ 'ਪੰਜਾਬੀ ਵਿਹੜਾ' ਵਿਚ ਦਵਿੰਦਰ ਟਾਹਲਵੀ ਨੇ ਕੋਈ ਵੀਹ ਕੁ ਗੀਤ ਲਿਖੇ ਹਨ ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿੱਚ ਇੱਕ ਬਹੁਤ ਸੁਹਿਰਦ ਸ਼ੁਰੂਆਤ ਕਹੀ ਜਾ ਸਕਦੀ ਹੈ।        



Saturday, June 6, 2015

ਦੋਹੇ

ਰਿਸ਼ਤੇ-ਦੂਰੀ

ਰਿਸ਼ਤੇਦਾਰੀ ਬਦਲੀ ਰਿਸ਼ਤੇ-ਦੂਰੀ ਵਿੱਚ
ਮੈਂ ਕੋਈ ਤੇਰਾ ਭਾਈ ਨਹੀਂ ਮਜ਼ਬੂਰੀ ਵਿੱਚ।

ਲਹੁ-ਸਫ਼ੈਦ ਸਲੂਕ ਗੁਆਚਾ ਭਾਈਆਂ ਦਾ
ਦੁੱਖ-ਸੁੱਖ ਮੁੱਕਿਆ ਇੱਕੋ ਢਿੱਡੋਂ ਜਾਈਆਂ ਦਾ।

ਮਾਮੀ ਆਖੇ, ਸੁਣ! ਮਾਸੀ ਔਪਚਾਰ ਕੁਰੇ
ਨਿੱਕੀ ਕਾਹਨੂੰ ਸੱਦਣੀ, ਗੋਲ਼ੀ ਮਾਰ ਕੁਰੇ।

ਭੂਆ ਕਰਦੀ ਚਾਅ ਤਾਹੀਂ ਰਤਾ ਭਤੀਜੇ ਦਾ
ਜੇ ਸਾਲ਼ਾ ਬੋਤਲ ਰੱਖ ਕੇ ਕਰਦਾ ਜੀਜੇ ਦਾ।