Monday, April 2, 2012

ਕਵਿਤਾ/ਨਜ਼ਮ

ਰੁੱਤ ਦੀ ਉਡੀਕ

ਕੌਣ ਹਾਂ ਮੈਂ?....ਕਾਹਦੇ ਲਈ ਹਾਂ?
ਕਈ ਵਾਰ, ਇਸ ਓਪਰੀ ਧਰਤੀ ਦੇ, ਅੰਦਰ
ਪੁੱਛਦਾ ਹਾਂ...ਆਪਣੇ ਆਪ ਨੂੰ।
ਐਪਰ, ਕਦੇ ਤੱਕਦਾ ਵੀ ਨਹੀਂ...
ਆਪਣੇ ਅੰਦਰਲੇ ਸਵਾਲ ਕਰਤਾ ਵੱਲ।

ਕਦੇ ਸੁਣ ਕੇ ਅਣ-ਸੁਣਿਆਂ ਕਰ ਦੇਂਦਾ ਹਾਂ।
ਤੇ ਕਦੇ ਜਵਾਬ ਦੇਂਦਾ ਹਾਂ ਪਤਾ ਨਹੀਂ
ਕਦੇ ਬਸ, ਹੂੰ?”
ਫਿਰ ਸੁਸਤ ਹੋ ਜਾਂਦਾ ਹਾਂ।
ਪਰ ਜਦੋਂ, ਇਹਨਾਂ ਸਵਾਲਾਂ ਦਾ ਵੇਗ ਮੇਰਾ ਧਿਆਨ
ਮੇਰੇ ਅੰਦਰ ਵੱਲ ਮੋੜਦਾ ਹੈ
ਤਾਂ ਹੈਰਾਨ ਰਹਿ ਜਾਂਦਾ ਹਾਂ...ਕਿ ਮੇਰੇ ਅੰਦਰਲੀ,
ਭਟਕਣਾ ਵਿੱਚ ਕਿੱਥੇ ਕੁ ਅਤੇ ਕੀ ਹੋਵੇਗਾ ਇਸਦਾ ਜਵਾਬ।
ਫਿਰ ਖਿਆਲ ਆਉਂਦਾ ਹੈ, ਮੈਂ ਵੀ ਤਾਂ ਬੀਜ ਹਾਂ।
ਧਰਤੀ ਦੇ ਨਿੱਘ ਵਿਚ,
ਘੋਰ ਭਟਕਣਾ ਅਤੇ ਅਸਥਿਰਤਾ ਦੇ ਆਲਮ 'ਚ ਕਿਤੇ,
ਉਡੀਕ ਕਰਦਾ ਹਾਂ ਆਪਣੀ ਰੁੱਤ ਦੀ।
ਭਾਵੇਂ  ਹਾਲਾਤਾਂ  ਦੀਆਂ ਅੰਤੜੀਆਂ ਦਾ ਤੇਜ਼ਾਬ
ਮੈਨੂੰ ਖ਼ਤਮ ਨਹੀਂ ਸੀ ਕਰ ਸਕਿਆ,
ਪਰ ਉਡਦੇ-ਉਡਦੇ ਉਹ ਮੈਨੂੰ ਬਹੁਤ ਦੂਰ ਲੈ ਆਏ,
ਮੇਰੇ ਪੁਰਖ-ਰੁੱਖਾਂ ਦੀ ਧਰਤੀ ਤੋਂ।
ਐਪਰ, ਉਹਨਾਂ ਤੇ ਕੋਈ ਗਿਲਾ ਨਹੀਂ।
ਸਗੋਂ ਚਾਅ ਹੈ...ਕਿ ਮੇਰੀ ਰੁੱਤ ਹੁਣ ਆਉਣ ਵਾਲੀ ਹੈ।
ਜਦੋਂ ਮੇਰੀ ਲਗਰ ਫੁੱਟ ਕੇ ਧਰਤੀ ਚੋਂ ਬਾਹਰ ਨਿਕਲੇਗੀ,
ਮੈਂ ਵੀ ਦੇਖਾਂਗਾ ਸੂਰਜ
ਅਤੇ ਸਾਧੀ ਮੰਗਾਂਗਾ ਸਰੱਬਤ ਦਾ ਭਲਾ।
ਹੇ ਅਕਾਲ-ਪੁਰਖ! ਇਹਨਾਂ ਧਰਤੀਆਂ ਦਾ ਹਰ ਇਕ ਜ਼ਰਾ,
ਦੁੱਖਾਂ, ਤਕਲੀਫ਼ਾਂ, ਤੰਗੀਆਂ-ਤੁਰਸ਼ੀਆਂ ਤੋਂ ਦੂਰ ਹੋਵੇ।

ਭੂਪਿੰਦਰ ਸਿੰਘ

1 comment:

  1. ਵਾਹ !
    ਸਗੋਂ ਚਾਅ ਹੈ...ਕਿ ਮੇਰੀ ਰੁੱਤ ਹੁਣ ਆਉਣ ਵਾਲੀ ਹੈ।
    ਜਦੋਂ ਮੇਰੀ ਲਗਰ ਫੁੱਟ ਕੇ ਧਰਤੀ ‘ਚੋਂ ਬਾਹਰ ਨਿਕਲੇਗੀ,
    ਸਾਰਾ ਕੁਝ ਕਹਿ ਗਈਆਂ ਇਹ ਦੋ ਸਤਰਾਂ !
    ਵਧਾਈ ! ਇਸ ਵਧੀਆ ਕਵਿਤਾ ਲਈ!
    ਲਿਖਦੇ ਰਹੋ!

    ਹਰਦੀਪ

    ReplyDelete