Sunday, June 30, 2013

ਲੇਖ (ਚਲੰਤ ਮਸਲੇ)
ਪੰਜਾਬੀ ਮਾਂ-ਬੋਲੀ ਦਾ ਵਿਗੜ ਰਿਹਾ ਮੁਹਾਂਦਰਾ ਅਤੇ ਨੌਜੁਆਨ ਪੀੜ੍ਹੀ


ਵਿਸ਼ਾ “ਪੰਜਾਬ ਵਿਚ ਹੀ ਪੰਜਾਬੀ ਮਾਂ-ਬੋਲੀ ਦਾ ਬੁਰਾ ਹਾਲ” ਅੱਜਕੱਲ ਪੰਜਾਬੀ ਅਖ਼ਬਾਰਾਂ, ਸਾਹਿਤਕ ਰਸਾਲਿਆਂ ਅਤੇ ਹੋਰ ਪੰਜਾਬੀ ਮੀਡੀਏ ‘ਚ ਵੱਖ-ਵੱਖ ਰੂਪਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤਹਿਤ ਪੰਜਾਬ ਵਿਚ ਚੱਲ ਰਹੇ ਇਕ ਨਵੇਂ ਰੁਝਾਨ ਦੀ ਵਿਚਾਰ-ਚਰਚਾ ਛਿੜੀ ਹੈ। ਇਹ ਰੁਝਾਨ ਇਹ ਹੈ ਕਿ ਅੱਜਕੱਲ ਪੰਜਾਬ ਵਿਚਲੀ ਅਜੋਕੀ ਨੌਜੁਆਨ ਪੀੜ੍ਹੀ ਪੰਜਾਬੀ ਭਾਸ਼ਾ ਦੇ ਮਾਨ-ਸਨਮਾਨ ਨੂੰ ਕਿਵੇਂ ਭੁੱਲ ਚੁੱਕੀ ਹੈ ਅਤੇ ਪੰਜਾਬ ਵਿਚ ਹੀ ਥਾਂ-ਕੁਥਾਂ ਕਿੰਝ ਇਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਮੰਦਭਾਗੀ ਗੱਲ ਇਹ ਹੈ ਕਿ ਏਨੇ ਰੌਲ਼ੇ-ਰੱਪੇ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਕਿਸੇ ਬੁੱਧੀਜੀਵੀ ਦੀ ਸਮਝ ਵਿਚ ਇਹ ਨਹੀਂ ਆ ਰਿਹਾ ਹੈ ਕਿ ਅੱਜ ਪੰਜਾਬ ਦੀ ਧਰਤੀ ‘ਤੇ ਹੌਲ਼ੀ-ਹੌਲ਼ੀ ਪੰਜਾਬੀ ਭਾਸ਼ਾ ਵਿੱਚੋਂ ਕੁਝ ਹੋਰ ਹੀ ਊਲ-ਜਲੂਲ ਭਾਸ਼ਾਵਾਂ ਜਨਮ ਲੈ ਰਹੀਆਂ ਹਨ।

ਪਹਿਲੀ ਗੱਲ, ਭਾਸ਼ਾ ਦੇ ਲਿਖਤੀ ਰੂਪ ਵਿਚ ਵਿਗਾੜ ਆਉਣ ਦੀ ਹੈ। ਨੌਜੁਆਨ ਸ਼ੌਕੀਨ-ਮੁੰਡੀਰ ਆਪਣੇ ਸਕੂਟਰ, ਮੋਟਰ-ਸਾਇਕਲ, ਗੱਡੀਆਂ, ਟਰੈਕਟਰ-ਟਰਾਲੀਆਂ ਆਦਿ ਦੇ ਅੱਗੇ-ਪਿਛੇ ਜੋ ਸਲੋਗਨ, ਮੁਹਾਵਰੇ ਅਤੇ ਲੋਕੋਕਤੀਆਂ ਆਦਿ ਲਿਖਵਾਈ ਫਿਰਦੀ ਹੈ ਜਾਂ ਕਿਸੇ ਹੋਰ ਜਨਤਕ ਥਾਂਵਾਂ ਜਾਂ ਵਾਹਨਾਂ ਉਪਰ ਲਿਖੇ ਕਥਿਤ ਸਲੋਗਨਜ਼ ਵਿਚ ਸ਼ਬਦ-ਜੋੜ ਅਤੇ ਵਿਆਕਰਣ ਦੀਆਂ ਕਈ ਤਰੁੱਟੀਆਂ ਨਜ਼ਰ ਆਉਂਦੀਆਂ ਹਨ। ਇਹ ਗੱਲ ਗੰਭੀਰ ਅਤੇ ਸੋਲ਼ਾ ਆਨੇ ਸੱਚ ਹੈ। ਮਿਸਾਲ ਦੇ ਤੌਰ ‘ਤੇ:


'ਅਗਰੇਜ ਖਗੇ ਸੀ ਤਾ ਟਗੇ ਸੀ '

“ਮੁਰਖਾ ਸੱਗਲ ਨਾ ਫੜ”

“ਸਿਰਗਟ ਪਿਣਾ ਮੰਨਾ ਹੈ”

“ਜੇ ਜਵਾਨ ਜੇ ਕਿਸਾਨ”    

     ਥਾਂ-ਕੁਥਾਂ ਲਿਖੇ ਇਸ ਤਰਾਂ ਦੇ ਅਨੇਕਾਂ ਹੀ ਵਾਕ ਜੋ ਵਿਆਕਰਣ ਅਤੇ ਸ਼ਬਦ-ਜੋੜਾਂ ਦੀਆਂ ਗਲਤੀਆਂ ਨਾਲ ਭਰੇ ਹੁੰਦੇ ਹਨ, ਗਹੁ ਨਾਲ ਘੋਖਣ ਤੇ ਹੁਣ ਆਮ ਹੀ ਦਿਸ ਪੈਂਦੇ ਹਨ। ਇਸ ਬਾਰੇ ਮੈਂ ਇਹ ਸਮਝਦਾ ਹਾਂ ਕਿ ਏਥੇ ਥੋੜਾ-ਬਹੁਤ ਕਸੂਰ ਪ੍ਰਵਾਸ ਦਾ ਵੀ ਹੈ। ਕੁੱਲ ਪੰਜਾਬ ਵਿਚ ਪੇਂਟਿੰਗ ਦੇ ਕਿੱਤੇ ਵਿਚ ਹੁਣ ਗਿਣੇ-ਚੁਣੇ ਪੰਜਾਬੀ ਹੀ ਬਚੇ ਹਨ। ਜਿਆਦਾ ਗਿਣਤੀ ਗੈਰ-ਪੰਜਾਬੀਆਂ ਦੀ ਹੈ। ਹੁਣ ਇਸ ਕੰਮ ਨੂੰ ਅੰਜਾਮ ਦੇਂਦੇ ਹਨ ਬਿਹਾਰੀ ਜਾਂ ਹੋਰ ਰਾਜਾਂ ਤੋਂ ਆਏ ਪੇਂਟਰ-ਕਾਰੀਗਰ। ਇਸ ਵਿਚ ਕੰਪਿਊਟਰ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਪ੍ਰਵਾਸੀ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਉਕਾ ਵੀ ਗਿਆਨ ਨਹੀਂ ਹੁੰਦਾ ਉਹ ਕੰਪਿਊਟਰ ਨਾਲ ਕਥਿਤ ਸਲੋਗਨਜ਼ ਵਾਲੇ ਸਟਿੱਕਰ ਬਣਾ ਕੇ ਗਾਹਕ ਦੇ ਵਾਹਨ ਆਦਿ ਨਾਲ ਚਿਪਕਾ ਛੱਡਦੇ ਹਨ ਅਤੇ ਇਸ ਬਦਲੇ ਚੋਖੇ ਪੈਸੇ ਵੱਟਦੇ ਹਨ। ਕਾਹਲ਼ੀ ਵਿਚ ਕੀਤੀ ਇਸ ਬਿਜਲਈ ਪੇਂਟਿੰਗ ਵਿਚ ਲਗਾਂ-ਮਾਤਰਾਂ ਦੀਆਂ ਗਲਤੀਆਂ ਰਹਿ ਜਾਦੀਆਂ ਹਨ। ਵੈਸੇ ਤਾਂ ਅੱਜਕੱਲ ਕੰਪਿਊਟਰ ਵਿਚ ਪੰਜਾਬੀ ਭਾਸ਼ਾ ਲਿਖਣ ਦੀ ਬਹੁਤ ਵਧੀਆ ਸਹੂਲਤ ਆ ਗਈ ਹੈ ਪਰ ਇਸ ਦੀਆਂ ਵੀ ਆਪਣੀਆਂ ਕੁਝ ਸੀਮਾਵਾਂ ਹਨ। ਜਿਵੇਂ ਕਿਸੇ ਸ਼ਬਦ ਨੂੰ ਲਿਖਣ ਲਈ ਇਸ ਵਿਚ ਇਕ ਤੋਂ ਵੱਧ ਆਪਸ਼ਨਜ਼ ਦਿੱਤੀਆਂ ਹੁੰਦੀਆਂ ਹਨ। ਮਿਸਾਲ ਦੇ ਤੌਰ ‘ਤੇ ਸ਼ਬਦ “ਪੰਜਾਬੀ” ਲਿਖਣ ਲਈ ਮਾਈਕ੍ਰੋਸਾੱਫਟ ਵਰਡ ਇਕ ਤੋਂ ਵੱਧ ਆੱਪਸ਼ਨਜ਼ ਮੁਹੱਈਆ ਕਰ ਦੇਂਦਾ ਹੈ, ਜਿਵੇਂ:

ਪੰਜਾਬੀ, ਪਜਾਮੀ ਜਾਂ ਪਾਜੀ ਆਦਿ।

ਇਹਨਾਂ ਵਿਚੋਂ ਢੁੱਕਵਾਂ ਸ਼ਬਦ ਚੁਣਨ ਲਈ ਭਾਸ਼ਾ ਉਪਰ ਪੂਰੀ ਮੁਹਾਰਤ ਹਾਸਲ ਹੋਣੀ ਜ਼ਰੂਰੀ ਹੈ। ਜੋ ਇਹਨਾਂ ਕੋਲ ਨਹੀਂ ਹੁੰਦੀ। ਇਸ ਕਿਸਮ ਦੀ ਅਗਿਆਨਤਾ ਪੰਜਾਬੀ ਭਾਸ਼ਾ ਦੀ ਇਸ ਕਰੂਪਤਾ ਦਾ ਇੱਕ ਕਾਰਣ ਬਣ ਰਹੀ ਹੈ। ਏਥੇ ਇਕ ਗੱਲ ਵਰਨਣ ਯੋਗ ਹੈ ਕਿ ਪ੍ਰਵਾਸ ਤਾਂ ਪੰਜਾਬੀਆਂ ਨੇ ਵੀ ਕੀਤਾ ਹੈ, ਪਰ ਸ਼ਾਇਦ ਹੀ ਦੁਨੀਆਂ ਦੀ ਕੋਈ ਭਾਸ਼ਾ ਹੋਵੇ ਜਿਸ ਦਾ ਇਹਨਾਂ ਵੱਲੋਂ ਇਸ ਤਰਾਂ ਅਪਮਾਨ ਹੋਇਆ ਹੋਵੇ।

ਏਸੇ ਹੀ ਸੰਦਰਭ ਤਹਿਤ ਇੱਕ ਗੱਲ ਹੋਰ ਇਹ ਕਿ ਅੱਜਕੱਲ ਮੇਰੇ ਵਰਗੇ ਨਵੇਂ ਧੂੜਾਂ-ਪੱਟ ਲੇਖਕਾਂ ਨੇ ਵੀ ਬਹੁਤ ਧੂੜ-ਮਿੱਟੀ ਉਡਾਈ ਹੋਈ ਹੈ। ਭਾਸ਼ਾ ਪ੍ਰਣਾਲੀ ਵਿੱਚੋਂ ਮੁੱਖ ਤੌਰ ਤੇ ਵਿਆਕਰਣ ਵਿਚਲੇ ਸ਼ਬਦ-ਜੋੜ, ਵਾਕ-ਬਣਤਰ, ਸ਼ੈਲੀ ਅਤੇ ਸਾਹਿਤ ਦੀ ਕਿਸੇ ਵੰਨਗੀ ਦੀ ਰੂਪ-ਰੇਖਾ ਆਦਿ ਵਿਚ ਬਹੁਤ ਹਨੇਰ-ਗਰਦੀ ਮਚਾ ਦਿੱਤੀ ਹੈ। ਕਿਸੇ ਅਖ਼ਬਾਰ ਵਿਚ ਛਪੀ ਇਸ ਤਰਾਂ ਦੇ ਇਕ ਧੂੜਾਂ-ਪੱਟ ਲੇਖਕ ਦੀ ਰਚਨਾ ਪੜ੍ਹਦਿਆਂ ਇਕ ਬਜ਼ੁਰਗ ਅੱਗ ਬਬੂਲਾ ਹੋਣ ਲੱਗਾ। ਉਸ ਵਾਰਤਾ ਦੀ ਪਹਿਲੀ ਤੁਕ ਏਨੀ ਲੰਬੀ ਲਿਖੀ ਹੋਈ ਸੀ ਕਿ ਪੜ੍ਹਦਿਆਂ-ਪੜ੍ਹਦਿਆਂ ਉਸ ਦਾ ਸਾਹ ਸੁੱਕਣ ਲੱਗਾ। ਉਹ ਹੈਰਾਨ ਸੀ ਕਿ ਕੋਈ ਤੁਕ ਏਨੀ ਲੰਬੀ ਵੀ ਹੋ ਸਕਦੀ ਹੈ। ਫਿਰ ਉਸ ਨੇ ਆਪਣਾ ਗਣਿਤ ਚਲਾਇਆ ਤਾਂ ਸਮਝ ਲੱਗੀ ਕਿ ਲੇਖਕ ਪੈਰ੍ਹੇ ਦੀਆਂ ਕੁਝ ਤੁਕਾਂ ਦੇ ਅੰਤ ਵਿਚ ਡੰਡੀਆਂ ਲਾਉਣੀਆਂ ਭੁੱਲ ਗਿਆ ਹੈ। ਜਦੋਂ ਇਹ ਗੱਲ ਉਸਨੇ ਨਾਲ ਬੈਠੇ ਇਕ ਦਾਨੇ-ਸ਼ਾਨੇ ਵਿਅਕਤੀ ਨਾਲ ਸਾਂਝੀ ਕੀਤੀ ਤਾਂ ਅੱਗੋਂ ਜਵਾਬ ਆਇਆ, “ਕੋਈ ਗੱਲ ਨਹੀਂ ਬਜ਼ੁਰਗੋ, ਏਨੇ ਲਾਲ-ਪੀਲ਼ੇ ਨਾ ਹੋਵੋ, ਡੰਡੀਆਂ ਤੁਸੀਂ ਕੋਲ਼ੋਂ ਲਾ ਲਵੋ।”

ਸਾਹਿਤ ਜਾਂ ਰਚਨਾਤਮਕ ਸਾਹਿਤ ਕਿਸ ਨੂੰ ਆਖਦੇ ਹਨ? ਇਸ ਵਿਚ ਕਲਾ ਦਾ ਕੀ ਮਹੱਤਵ ਹੈ? ਇਸ ਨੂੰ ਪੜ੍ਹਨ ਅਤੇ ਲਿਖਣ ਦਾ ਕੀ ਮਨੋਰਥ ਹੁੰਦਾ ਹੈ? ਕਿਤਾਬ ਦੀ ਪਰਿਭਾਸ਼ਾ ਕੀ ਹੈ? ਇਹਨਾਂ ਗੱਲਾਂ ਬਾਰੇ ਚਾਹੇ ਕੋਈ ਜਾਣਕਾਰੀ ਹੋਵੇ, ਨਾ ਹੋਵੇ ਪਰ ਲੇਖਕ ਬਣਨ ਦੀ ਇੱਛਾ ਹਰ ਕੋਈ ਰੱਖਦਾ ਹੈ। ਇਸ ਤਰਾਂ ਦੇ ਲੇਖਕ ਦੇ ਜੀਵਨ ਵਿਚ ਕੋਈ ਕਰਾਮਾਤ ਜਾਂ ਕੋਈ ਸਿੱਖਿਆ ਦਾਇਕ ਘਟਨਾ ਜੋ ਕਿਸੇ ਸੁਹਿਰਦ ਸੁਨੇਹੇ ਦੀ ਵਾਹਕ ਹੋਵੇ ਜਾਂ ਉਤਮ ਜੀਵਨ ਦੀ ਰਾਹ-ਦਸੇਰੀ ਹੋਵੇ, ਘਟੀ ਹੋਵੇ-ਨਾ-ਹੋਵੇ ਪਰ ਸਭ ਤੋਂ ਪਹਿਲਾਂ ਉਹ “ਸਵੈ-ਜੀਵਨੀ” ਲਿਖਣਾ ਪਸੰਦ ਕਰੇਗਾ।

ਖੈਰ, ਵਾਹਨਾਂ ਉਪਰ ਲਿਖੀ ਅਸ਼ੁੱਧ ਗੁਰਮੁਖੀ ਦੇ ਵਧ ਰਹੇ ਇਸ ਰੁਝਾਨ ਨੂੰ ਰੋਕਣ ਦਾ ਇੱਕੋ ਇੱਕ ਅਤੇ ਸਿੱਧਾ ਉਪਰਾਲਾ ਟਰੈਫ਼ਿਕ ਪੁਲ਼ਸ ਹੋ ਸਕਦੀ ਹੈ। ਜੇਕਰ ਵਿਚਰ ਰਹੇ ਪ੍ਰਸ਼ਾਸਨ ਅਤੇ ਹਾਲਾਤ ਦੀਆਂ ਸਰਕਾਰਾਂ ਦੇ ਦਿਲ ਵਿਚ ਪੰਜਾਬੀ ਮਾਂ-ਬੋਲੀ ਪ੍ਰਤੀ ਥੋੜੀ-ਬਹੁਤ ਹਮਦਰਦੀ ਹੋਵੇ ਤਾਂ ਇਹ ਜਿੱਮੇਵਾਰੀ ਟਰੈਫ਼ਿਕ ਪੁਲ਼ਸ ਵਾਲਿਆਂ ਦੇ ਹਿੱਸੇ ਪਾਈ ਜਾ ਸਕਦੀ ਹੈ। ਸੋਧ ਕਰਕੇ ਟਰੈਫ਼ਿਕ ਕਾਨੂੰਨਾਂ ਵਿਚ ਇਕ ਛੋਟਾ ਜਿਹਾ ਕਾਨੂੰਨ ਹੋਰ ਜੋੜਿਆ ਜਾ ਸਕਦਾ ਹੈ, ਕਿ ਜੇਕਰ ਕੋਈ ਵੀ ਸ਼ਖਸ ਦੇ ਵਾਹਨ ਆਦਿ ਉਪਰ ਲਿਖੇ ਗੁਰਮੁਖੀ ਦੇ ਅੱਖਰਾਂ ਜਾਂ ਵਾਕਾਂ ਵਿਚ ਕੋਈ ਗਲਤੀ ਫੜ੍ਹੀ ਜਾਂਦੀ ਹੈ ਤਾਂ ਉਸਦਾ ਚਲਾਨ ਹੋ ਸਕਦਾ ਹੈ। ਦੂਸਰਾ, ਪੇਂਟਰ-ਕਾਰੀਗਰਾਂ ਵਾਸਤੇ ਵੀ ਕੋਈ ਕਾਨੂੰਨ ਬਣਾਇਆ ਜਾ ਸਕਦਾ ਹੈ ਕਿ ਜੇਕਰ ਉਹ ਪੰਜਾਬੀ ਭਾਸ਼ਾ ਉਪਰ ਪੂਰੀ ਮੁਹਾਰਤ ਰੱਖਦਾ ਹੈ ਤਾਂ ਹੀ ਉਹ ਕਿੱਤਾ ਚਲਾ ਸਕਦਾ ਹੈ ਜਾਂ ਫਿਰ ਕਿਸੇ ਮਾਨਤਾ ਪ੍ਰਾਪਤ ਪੰਜਾਬੀ ਸਾਹਿਤ ਸੰਸਥਾ ਆਦਿ ਕੋਲੋਂ ਉਹ ਕਥਿਤ ਲਕੋਕਤੀਆਂ, ਮੁਹਾਵਰੇ ਅਤੇ ਸਲੋਗਨਜ਼ ਵਗੈਰਾ ਲਿਖਵਾ ਕੇ ਆਪਣਾ ਧੰਦਾ ਜਾਰੀ ਰੱਖ ਸਕਦਾ ਹੈ। ਇਸ ਤਰਾਂ ਦਾ ਕੋਈ ਕਾਨੂੰਨੀ-ਜੋੜ ਮਾਤ-ਭਾਸ਼ਾ ਲਈ ਕਾਫੀ ਲਾਹੇਵੰਦ ਹੋ ਸਕਦਾ ਹੈ। ਇਸ ਤਰਾਂ ਪੰਜਾਬੀਆਂ ਦੀ ਵਿਚਰ ਰਹੀ ਅਤੇ ਆਉਣ ਵਾਲੀਆਂ ਨੌਜੁਆਨ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਵਿਚ ਪੈਦਾ ਹੋਣ ਵਾਲੇ ਵਿਗਾੜਾਂ ਪ੍ਰਤੀ ਸਤਰਕ ਰੱਖਿਆ ਜਾ ਸਕਦਾ ਹੈ।

ਦੂਸਰੀ ਗੱਲ, ਬੋਲਚਾਲ ਦੀ ਬੋਲੀ ਦਾ ਮੁਹਾਂਦਰਾ ਵੀ ਬਾਰਾਂ ਕੋਹਾਂ ‘ਤੇ ਬਦਲਣ ਦੀ ਬਜਾਇ ਹੁਣ ਹਰ ਕੋਹ ‘ਤੇ ਊਭੜ-ਖਾਭੜ ਜਿਹਾ ਹੋ ਰਿਹਾ ਹੈ। ਇਸ ਵਿਚ ਆਈ ਮਿਲਾਵਟ ਆਪਣੇ ਪੈਰ ਪੱਕੇ ਕਰਨ ਲੱਗ ਪਈ ਹੈ। ਮਿਸਾਲ ਦੇ ਤੌਰ ‘ਤੇ ਖੇਤਾਂ ਵਿਚ ਕੰਮ ਕਰਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਚਾਹ-ਪਾਣੀ ਪਿਆਉਣ ਲਈ ਆਇਆ ਕੋਈ ਜ਼ਿਮੀਂਦਾਰ ਇੰਝ ਆਵਾਜ਼ ਦੇਵੇਗਾ,

“ਰਾਮੂੰ ਚਾਏ ਪੀ ਲੇਣਾ....ਬਾਈ ਉਏ। ਆਹ ਕੰਮ ਖਤਮ ਹੋਣੇ ਕੇ ਬਾਦ ਮੱਝੋਂ ਕੋ ਨਹਾ ਕੇ ਛਾਵੇਂ ਬਾਂਧ ਦੇਣਾ।”

ਇਹਨਾਂ ਵਾਕਾਂ ਵਿਚ ਲੇਣਾ, ਹੋਣੇ, ਮੱਝੋਂ ਅਤੇ ਦੇਣਾ ਆਦਿ ਹਿੰਦੀ ਅਤੇ ਪੰਜਾਬੀ ਦੇ ਅਸ਼ੁੱਧ ਸ਼ਬਦਾਂ ਦੀ ਮਿਲਾਵਟ ਹੈ। ਕਹਿਣ ਤੋਂ ਭਾਵ ਕਿ ਇਹ ਨਾ ਸ਼ੁੱਧ ਹਿੰਦੀ ਰਹੀ ਨਾ ਪੰਜਾਬੀ। ਜਦੋਂ ਕਿ ਇਹ ਦੋਨੋਂ ਆਪੋ-ਆਪਣੇ ਥਾਂ ਮਿੱਠੀਆਂ ‘ਤੇ ਰਸ-ਭਿੰਨੀਆਂ ਭਾਸ਼ਾਵਾਂ ਹਨ। ਇਹ ਅਚਨਚੇਤ ਹੋ ਰਹੀ ਮੌਖਿਕ ਮਿਲਾਵਟ ਵੀ ਪੰਜਾਬੀ ਮਾਂ-ਬੋਲੀ ਦਾ ਇਕ ਘਟੀਆ ਭਵਿੱਖ ਸਥਾਪਤ ਕਰਦੀ ਨਜ਼ਰ ਆਉਂਦੀ ਹੈ। ਜਿਸ ਦੇ ਨਤੀਜੇ ਵੱਜੋਂ ਭਵਿੱਖ ਵਿਚ ਸ਼ਾਇਦ ਪੰਜਾਬ ਦੀ ਧਰਤੀ ‘ਤੇ ਕੁਝ ਨਵੀਆਂ ਭਾਸ਼ਾਵਾਂ ਜਿਵੇਂ, ਬਿਹਰਾਬੀ (ਬਿਹਾਰੀ+ਪੰਜਾਬੀ), ਛੱਤੀਸਗੜਾਬੀ (ਛੱਤੀਸਗੜੀ+ਪੰਜਾਬੀ), ਬੰਗਲਾਬੀ (ਬਾਂਗਲਾ+ਪੰਜਾਬੀ), ਬ੍ਰਿਜਾਬੀ (ਬ੍ਰਿਜ+ਪੰਜਾਬੀ) ਆਦਿ ਪੈਦਾ ਹੋਣ ਦੇ ਆਸਾਰ ਨਜ਼ਰ ਆਉਂਦੇ ਹਨ। ਇਸ ਸੂਖਮ ਪਰ ਮਹੱਤਵਪੂਰਣ ਗੱਲ ਨੂੰ ਪੰਜਾਬੀ ਕਾੱਮੇਡੀ ਕਲਾਕਾਰ ਭੋਟੂ ਸ਼ਾਹ ਅਤੇ ਉਸਦੇ ਸਹਿਯੋਗੀ ਕਲਾਕਾਰਾਂ ਨੇ ਆਪਣੀ ਕਾਮੇਡੀ ਰਾਹੀਂ ਬਹੁਤ ਸ਼ਲਾਘਾਯੋਗ ਤਰੀਕੇ ਨਾਲ ਉਘੇੜਿਆ ਹੈ। ਸਮੂਹ ਪੰਜਾਬੀਆਂ ਨੂੰ ਇਸ ਕਲਾਕਾਰ ਦੀ ਕਾਮਯਾਬ ਕਾੱਮੇਡੀ ਦਾ ਆਨੰਦ ਮਾਣਦਿਆਂ ਇਸ ਗੱਲ ਲਈ ਉਸਦੀ ਪਿੱਠ ਵੀ ਥਾਪੜਨੀ ਚਾਹੀਦੀ ਹੈ। ਬੋਲਚਾਲ ਦੀ ਬੋਲੀ ਦੇ ਵਿਗੜ ਰਹੇ ਇਸ ਮੁਹਾਂਦਰੇ ਨੂੰ ਕਿੰਝ ਬਹਾਲ ਕੀਤਾ ਜਾਵੇ, ਇਸ ਵਿਸ਼ੇ ‘ਤੇ ਭਾਸ਼ਾ ਵਿਗਿਆਨੀਆਂ, ਪੰਜਾਬੀ ਭਾਸ਼ਾ ਦੀਆਂ ਸਮੂਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਲੇਖਕ ਸਭਾਵਾਂ ਅਤੇ ਉਚ-ਕੋਟੀ ਦੇ ਲੇਖਕਾਂ, ਬੁੱਧੀਜੀਵੀਆਂ ਵੱਲੋਂ ਮੌਜੂਦਾ ਸਰਕਾਰਾਂ ਦੀ ਮਦਦ ਨਾਲ ਸਿਰਾ ਚੁੱਕਣਾ ਬਣਦਾ ਹੈ ਤਾਂ ਜੋ ਅਚਨਚੇਤ ਹੋ ਰਹੀ ਇਸ ਮਿਲਾਵਟ ਦਾ ਅਸਰ ਮਾਂ-ਬੋਲੀ ਨੂੰ ਹੋਰ ਦੂਸ਼ਿਤ ਨਾ ਕਰ ਸਕੇ।

ਬਾਕੀ ਰਹੀ ਗੱਲ ਪੰਜਾਬੀ ਮਾਂ-ਬੋਲੀ ਦੇ ਵਾਰਸਾਂ ਯਾਨੀ ਪੰਜਾਬੀ ਕਾਕਿਆਂ ਦੀ,

“ਪੰਜਾਬੀਆਂ ਦੇ ਕਾਕੇ, ਨਾ ਫਿਕਰ ਨਾ ਫ਼ਾਕੇ”

ਇਹਨਾਂ ਦੇ ਸੁਭਾਅ ਬਾਰੇ ਏਥੇ ਦੋ-ਚਾਰ ਸਤਰਾਂ ਲਿਖਣੀਆਂ ਬਣਦੀਆਂ ਹਨ। ਅੱਜਕੱਲ ਸੌ ਵਿੱਚੋਂ ਅੱਸੀ ਫੀਸਦੀ ਵਿਹਲੜ ਅਤੇ ਐਸ਼-ਪ੍ਰਸਤ ਹਨ। ਸਕੂਲਾਂ, ਕਾੱਲਜਾਂ ਵਿੱਚੋਂ ਗੈਰ-ਹਾਜ਼ਰ ਰਹਿ ਕੇ ਅਵਾਰਾਗਰਦੀ ਕਰਨ ਦੇ ਸ਼ੌਕੀਨ, ਆਪਣੇ ਅਧਿਆਪਕਾਂ ਦੀਆਂ ਪੱਗਾਂ ਲਾਹੁਣ ਵਾਲੇ (ਇਸ ਗੱਲ ਦੀ ਗਵਾਹੀ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਭਰਦੀਆਂ ਹਨ), ਅਧਿਆਪਕਾਵਾਂ ਨਾਲ ਛੇੜ ਛਾੜ ਕਰਨ ਵਾਲੇ, ਲੜਕੀਆਂ ਦੇ ਸਕੂਲਾਂ ‘ਤੇ ਕਾੱਲਜਾਂ ਮੂਹਰੇ ਗੇੜੀਆਂ ਮਾਰਨ ਵਾਲੇ, ਨਸ਼ਿਆਂ ਦੇ ਆਦੀ ਅਤੇ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਹ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੋ ਨਿੱਬੜੇ ਹਨ। ਸੱਭਿਆਚਾਰਕ ਖੁੱਲ੍ਹ-ਡੁੱਲ੍ਹ ਦੀ ਹੱਦ ਤੋਂ ਬਾਹਰ, ਨਸ਼ਿਆਂ ਵਿਚ ਧੁੱਤ, ਢਾਣੀਆਂ ‘ਚ ਬੈਠੇ ਇਹ ਇਕ ਦੂਜੇ ਨੂੰ ਮਾਵਾਂ ‘ਤੇ ਭੈਣਾਂ ਦੀਆਂ ਗੰਦੀਆਂ-ਮੰਦੀਆਂ ਗਾਲ਼ਾਂ ਕੱਢ-ਸੁਣ ਕੇ ਮੂਰਖਾਂ ਵਾਂਗ ਹੱਸਦੇ ਨਜ਼ਰ ਆਉਣਗੇ। ਅੱਜ ਹਾਲਾਤ ਇਸ ਤਰਾਂ ਦੇ ਬਣ ਗਏ ਹਨ ਕਿ ਇਹ ਆਪਣਾ ਸੁਨਹਿਰੀ ਭਵਿੱਖ ਠੇਕਿਆਂ ਦੇ ਅਹਾਤਿਆਂ ਵਿਚ ਬੈਠੇ ਰੰਗੀਨ ਬੋਤਲਾਂ, ਹੋਰ ਕਈ ਕਿਸਮ ਦੇ ਨਸ਼ਿਆਂ, ਅਵਾਰਾਗਰਦੀ, ਲੜਾਈ-ਝਗੜਿਆਂ, ਗੁੰਡਾਗਰਦੀ ਅਤੇ ਲੁੱਟਾਂ ਖੋਹਾਂ ਵਿੱਚੋਂ ਤਲਾਸ਼ਣ ਲੱਗੇ ਹਨ। ਇਸ ਤਰਾਂ ਕਰਦਿਆਂ ਕਦੇ-ਕਦੇ ਇਹ ਵੱਡੇ ਅਤੇ ਸੰਗੀਨ ਅਪਰਾਧਾਂ ਦੇ ਰਾਹਾਂ ‘ਤੇ ਵੀ ਤੁਰ ਪੈਂਦੇ ਹਨ। ਸਿੱਟੇ ਵਜੋਂ ਇਹ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਜਿਉਂਦੇ-ਜੀਅ ਨਰਕ ਬਣਾ ਲੈਂਦੇ ਹਨ। ਪੰਜਾਬ ਵਿਚ ਹਾਲ ‘ਚ ਹੀ ਵਾਪਰੀਆਂ ਕੁਝ ਘਟਨਾਵਾਂ ਇਹਨਾਂ ਗੱਲਾਂ ਦੀ ਪੁਸ਼ਟੀ ਕਰਦੀਆਂ ਹਨ। ਮੇਰਾ ਖਿਆਲ ਹੈ ਕਿ ਇਸ ਸਭ ਲਈ ਇਹ ਘੱਟ ਜਿੰਮੇਵਾਰ ਹਨ। ਇਹ ਤਾਂ ਸਿਰਫ ਉਹਨਾਂ ਮਾੜੇ ਹਾਲਾਤਾਂ ਦੇ ਸ਼ਿਕਾਰ ਹਨ ਜੋ ਕਿਸੇ ਖ਼ਾਸ ਸਾਜਿਸ਼ ਤਹਿਤ ਪੈਦਾ ਕੀਤੇ ਗਏ ਜਾਂ ਆਪ-ਮੁਹਾਰੇ ਹੀ ਹੋ ਗਏ। ਪਰ ਇਹਨਾਂ ਨੂੰ ਆਪਣੀਆਂ ਸਮਾਜਿਕ ਜਿੱਮੇਵਾਰੀਆਂ ਅਤੇ ਆਉਣ ਵਾਲੇ ਤਰਸਯੋਗ ਭਵਿੱਖ ਪ੍ਰਤੀ ਜਾਗਰੂਕ ਨਾ ਰਹਿਣ ਲਈ ਦੋਸ਼ੀ ਠਹਿਰਾਉਣਾ ਬਣਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਇਹ ਆਪਣੇ, ਆਪਣੇ ਮਾਪਿਆਂ, ਸਮਾਜ, ਕੁਲ-ਦੁਨੀਆਂ ਅਤੇ ਖ਼ਾਸਕਰ ਆਪਣੀ ਮਾਂ-ਬੋਲੀ ਪੰਜਾਬੀ ਭਾਸ਼ਾ ਪ੍ਰਤੀ ਆਪਣੀਆਂ ਜਿੱਮੇਵਾਰੀਆਂ ਤੋਂ ਜਾਣੂ ਹੋ ਕੇ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨ। ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਨੌਜੁਆਨ ਵਰਗ ਕਿਸੇ ਵੀ ਦੇਸ਼ ਦਾ ਕੀਮਤੀ ਸਰਮਾਇਆ ਹੁੰਦਾ ਹੈ। ਜਿਸ ਦੇ ਸੁਚੱਜੇ ਯਤਨਾਂ ਸਦਕਾ ਹੀ ਕਿਸੇ ਦੇਸ਼, ਕਿਸੇ ਕੌਮ ਦੇ ਇਕ ਸੁਨਹਿਰੇ ਭਵਿੱਖ ਦੀ ਰਚਨਾ ਹੋ ਸਕਦੀ ਹੈ।

ਅੰਤ, ਇਸ ਧਰਤੀ ਤੇ ਸਭ ਤੋਂ ਪਹਿਲਾਂ ਉਂਝ ਤਾਂ ਮਨੁੱਖ ਪੈਦਾ ਹੋਇਆ ਅਤੇ ਫੇਰ ਲੋੜ ਅਨੁਸਾਰ ਉਸਦੇ ਅੰਦਰੂਨੀ ਵਿਚਾਰਾਂ ਦੇ ਪ੍ਰਗਟਾਅ ਲਈ ਭਾਸ਼ਾਵਾਂ ਨੇ ਜਨਮ ਲਿਆ। ਪਰ ਕੌਮਾਂ ਦੇ ਸੰਦਰਭ ਵਿਚ ਇਹ ਤੱਥ ਉਲਟ ਹੋ ਜਾਂਦਾ ਹੈ, ਕਿਸੇ ਕੌਮ ਤੋ ਪਹਿਲਾਂ ਇਸ ਦੀ ਜੁਬਾਨ ਜਾਂ ਭਾਸ਼ਾ ਪੈਦਾ ਹੁੰਦੀ ਹੈ, ਅਤੇ ਫਿਰ ਉਸ ਕੌਮ ਦੇ ਅੰਤ ਤੋਂ ਪਹਿਲਾਂ ਇਹ ਖਤਮ ਵੀ ਹੋ ਜਾਂਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਕਿਸੇ ਭਾਸ਼ਾ ਦੀ ਮੌਤ ਉਸ ਭਾਸ਼ਾ ਨਾਲ ਸਬੰਧਿਤ ਕੌਮ ਦੇ ਖਾਤਮੇ ਦਾ ਇਸ਼ਾਰਾ ਹੀ ਹੁੰਦੀ ਹੈ। ਹੁਣ, ਫੈਸਲਾ ਪੰਜਾਬੀਆਂ ਦੀ ਇਸ ਅਜੋਕੀ ਨੌਜੁਆਨ ਪੀੜ੍ਹੀ ਦੇ ਹੱਥ ਹੈ। ਭੂਪਿੰਦਰ ।

No comments:

Post a Comment