Saturday, May 5, 2012

ਕਹਾਣੀ


ਸੇਹ ਦਾ ਤੱਕਲਾ

(Note: This story is about the power imposed on the weaker sections of society despite their poor financial condition to creat a vote bank. This was published in Punjabi Magazine “SAMUNDRON PAAR” published from Patiala Punjab (India) and has been sent to different magazines for publishing again. If any person like to publish the story anywhere, please send me an E-mail.        -Author)

ਦਿਨ ਕਾਫੀ ਨਿਕਲ ਆਇਆ ਸੀ। ਅੱਜ ਵੀ ਬਿੱਦੋ ਨੇ ਉਸ ਨੂੰ ਹਲੂਣ ਕੇ ਉਠਾਇਆ।
ਭਾਰੇ ਜਹੇ ਮਨ ਨਾਲ ਉਹ ਉਠਿਆ, ਡੰਗਰਾਂ ਨੂੰ ਪੱਠੇ ਪਾ ਕੇ ਉਸ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਅਤੇ ਮੁੜ ਮੰਜੇ ਤੇ ਆ ਬੈਠਾ। ਚੌਂਕੇ ਵਿੱਚ ਚਾਹ ਧਰਨ ਲਈ ਕੱਖ ਰੱਖਦੀ ਹੋਈ ਬਿੱਦੋ ਨੂੰ ਜਰਾ ਰੋਹਬ ਨਾਲ ਆਖਿਆ।

ਲਿਆ ਹੁਣ! ਚਾਹ ਦਾ ਕੱਪ ਦੇ ਵੀ ਦੇ ਕੇ ਅੱਜ ਵੀ ਦਿਹਾੜੀ ਤੜਵਾਉਣੀ ਐਂ!..ਅੱਗੇ ਈ ਪੰਦਰਾਂ-ਵੀਹ ਦਿਆੜੀਆਂ ਜਮਾਂ ਈ ਖਰਾਬ ਕਰ ਕੇ ਰੱਖਤੀਆਂ ਬੋਟਾਂ ਆਲਿਆਂ ਨੇ...।..ਐਮੇ ਖਾਹਮਖਾਹ ਸਰਪੰਚੀ ਗਲ ਪਾ ਕੇ ਰੱਖਤੀ...। ਵਾਹਲਾ ਪੰਗਾ ਤਾਂ ਸਰਪੰਚ ਨੇ ਈ ਪਾਇਆ,...ਆਂਹਦਾ ਸੀ ਪਈ ਆ ਮਾੜੇ ਜਹੇ ਸੈਨ ਈ ਕਰਨਾ ਐ...ਅਖੇ, ਬਾਕੀ ਸਾਰਾ ਕੁਝ ਮੈਂ ਸਾਂਭਲੂ। ਬੈਠੇ ਸੁੱਤੇ ਗਲ ਸਿਆਪਾ ਪਾ ਕੇ ਰੱਖਤਾ...ਜਣਾ-ਖਣਾ ਧੂਈ ਫਿਰਦਾ ਜਿਨੂੰ ਮਰਜੀ।






ਨਾ ਤੂੰ ਕੇਹੜਾ ਘੱਟ ਐਂ।...ਹੱਥ 'ਚ ਲਾਲ-ਲਾਲ ਬੋਤਲਾਂ ਫੜ ਕੇ ਭੰਗੜੇ ਪਾਉਂਦਾ ਫਿਰਦਾ ਸੌਂ ਵੋਟਾਂ ਆਲੇ ਦਿਨ....ਲੋਕਾਂ ਦੇ ਕੁੱਛੜ ਚੜ-ਚੜ ਕੇ। ਨਾਲੇ ਆਹ ਵੱਢਣ ਜੋਗੇ ਸ਼ਾਹਾਂ ਦੇ ਮੁੰਡੇ...ਜਿੰਨਾ ਤੇਰੀ ਮੱਤ ਮਾਰਕੇ ਰੱਖਤੀ।….ਲਾਈ-ਲੱਗ ਦੀ”  ਬਿੱਦੋ ਨੇ ਟਾਂਚ ਜਿਹੀ ਮਾਰੀ।                                                             

ਉਹ ਉਸ ਦੀਆਂ ਗਤੀਵਿਧੀਆਂ ਤੋਂ ਬਹੁਤ ਤੰਗ ਸੀ। ਖਾਸ ਕਰਕੇ ਪਿਛਲੇ ਪੰਦਰਾ-ਵੀਹਾਂ ਦਿਨਾਂ ਵਿਚ ਜੋ ਹੋਇਆ ਬੀਤਿਆ, ਉਸ ਤੋਂ। ਉਸ ਦੇ ਘਰ ਹੁਣ ਜਿਵੇਂ ਮੇਲਾ ਜਿਹਾ ਲੱਗਿਆ ਰਹਿੰਦਾਕੋਈ ਵਧਾਈਆਂ ਦੇਣ ਵਾਲਾ, ਕੋਈ ਤਮਾਸ਼ਗੀਰ ਤੇ ਹੋਰ ਜਣਾ-ਖਣਾ ਐਂਵੇ ਹੀ ਤੁਰਿਆ ਰਹਿੰਦਾ।

ਤੂੰ ਆਪਣੀ ਜਬਾਨ, ਕੁੰਝਦੀ ਐਂ ਕੇ ਮੈਂ ਦੱਸਾਂ ਤੈਨੂੰ।....ਕੱਲ ਬੰਦਿਆਂ ਚ ਲਾ ਕੇ ਰੱਖਤੀ ਕਲਮੂੰਈਂ ਨੇ....ਅਖੇ, ਚਾਹ-ਪੱਤੀ ਹੈਨੀਂ...ਚਾਹ ਕਾਹਦੀ ਬਣਾਵਾਂ?......ਜੇ ਪੱਤੀ ਹੈਨੀਂ ਸੀ, ਤਾਂ ਜਬਾਨ ਈ ਟੁੱਕ ਲੈਂਦੀ ਆਪਣੀ....ਢੰਡੋਰਾ ਪਿੱਟਣ ਦੀ ਕੀ ਲੋੜ ਸੀ।....ਨਾਲੇ ਹੁਣ ਕਿੱਥੋਂ ਆਈ ਪੱਤੀ?” ਭੀਤੀ ਨੇ ਬੀਤੇ ਦਿਨ ਦਾ ਸਾਰਾ ਗੁਬਾਰ ਬਾਹਰ ਕੱਢ ਮਾਰਿਆ।

 ਮੰਗ-ਮੰਗ ਸਿਆਪੇ ਕਰਦੀ ਆਂ ਤੇਰੇ। ਕਿੱਥੇ-ਕਿੱਥੇ ਮਰਜਾਂ ਮੈਂ ਕੱਲੀ। ਆਪ ਤਾਂ ਸ਼ਾਹੂਕਾਰੀਆਂ ਕਰਦਾ ਫਿਰਦਾਂ...ਵੱਡੀ ਕੁੜੀ ਨੂੰ ਚਾਰ ਦਿਨ ਹੋਗੇ ਮੰਜੇ ਤੇ ਪਈ ਨੂੰ... ਦਵਾ ਖੁਣੋਂ। ਕੱਲ ਆਖਿਆ ਸੀ ਪਈ, ਸਰਪੰਚ ਘਰ ਆਇਆ ਹੁਣ....ਏਤੋਂ ਮੰਗ ਲੇ ਸੌ ਕੁ ਰੁਪਈਆ ਹਦਾਰਾ....ਅਖੇ ਨਾ। ਛੱਡ ਪਰਾਂ। ਚੰਗਾ ਜਿਹਾ ਨੀ ਲਗਦਾ।......ਜਦੋਂ ਸਾਰਾ ਟੱਬਰ ਮਰ-ਮੁੱਕ ਗਿਆ.....ਫੇਰ ਕਰਲੀਂ ਸਰਪੈਂਚੀਆਂ।......ਵੱਡਾ ਸਰਪੰਚ!” ਅੱਗੋਂ ਬਿੱਦੋ ਨੇ ਵੀ ਆਪਣਾ ਮਨ ਹਲਕਾ ਕੀਤਾ।

ਤੰਗੀਆਂ-ਤੁਰਸ਼ੀਆਂ ਵਿਚੋਂ ਲੰਘਦੀ-ਲੰਘਾਂਦੀ, ਲੋਕਾਂ ਦਾ ਗੋਹਾ-ਕੂੜਾ ਕਰਦੀ, ਲਾਗਣ ਬਣ ਕੇ ਲੋਕਾਂ ਦੇ ਵਿਆਹਾਂ ਤੇ ਸੱਦੇ ਦੇਣ ਜਾਂਦੀ ਅਤੇ ਪਿੰਡ ਵਿੱਚ ਹੋਰ ਛੋਟੇ-ਮੋਟੇ ਆਹਰ ਕਰਕੇ ਡੰਗ ਟਪਾਉਣ ਵਾਲੀ ਬਿੱਦੋ ਲਈ ਜਿਵੇਂ ਮੁਸੀਬਤਾਂ ਦਾ ਇਕ ਨਵਾਂ ਪਹਾੜ ਟੁੱਟ ਪਿਆ ਹੋਵੇ।

ਤੂੰ ਜਿਹੜੀ ਕੱਲ ਮਰਦੀ.....। ਭੀਤੀ ਨੇ ਏਨੇ ਕੂ ਸ਼ਬਦ ਅਜੇ ਮੂੰਹੋਂ ਕੱਢੇ ਹੀ ਸਨ ਕਿ ਬਾਹਰਲੇ ਦਰਵਾਜ਼ੇ ਦਾ ਕੁੰਡਾ ਖੜਕਿਆ ਅਤੇ ਭਾਰੀ ਜਿਹੀ ਆਵਾਜ਼ ਆਈ।

“….ਚੌਧਰੀ...!!....ਘਰੇ ਈ ਐਂ...?”

“….ਲੈ ਆ ਗਿਆ ਸਰਪੰਚ ਦਾ ਪੰਚ...ਸਾਂਭਲੈ। ਬਿੱਦੋ ਥੋੜਾ ਸਹਿਮ ਕੇ ਬੋਲੀ।

ਭੀਤੀ ਜੁੱਤੀ ਪੈਰਾਂ ਫਸਾ ਕੇ ਦਰਵਾਜ਼ੇ ਵੱਲ ਵਧਿਆ। ਅੱਗੇ ਚਿੱਟੇ ਕੱਪੜੇ ਪਹਿਨੀ, ਸਿਰ ਤੇ ਸਿੱਧੇ-ਸਾਦੇ ਵਲਾਂ ਵਾਲੀ ਚਿੱਟੀ ਪੱਗ ਅਤੇ ਹੱਥ 'ਚ ਦਸ ਕਿਲੋ ਦੀ ਛੇ-ਫੁੱਟੀ ਡਾਂਗ ਲਈ ਲੰਬੜਦਾਰ ਹਜ਼ਾਰਾ ਸਿੰਘ ਕਿਸੇ ਦੂਤ ਵਾਂਗ ਖੜਾ ਨਜ਼ਰ ਆਇਆ। ਭੀਤੀ ਦਾ ਤਿਊੜੀਆਂ ਵਾਲਾ ਮੱਥਾ ਸਪਾਟ ਮੈਦਾਨ ਵਾਂਗੂ ਪਧਰਾ ਹੋ ਗਿਆ ਅਤੇ ਬਣਾਵਟੀ ਜਿਹੀ ਮੁਸਕਰਾਹਟ ਨਾਲ ਬੋਲਿਆ,

ਆਉ ਲੰਬੜਦਾਰ ਸਾਬ੍ਹ...ਆਉ! ਆਹ ਬਿੱਦੋ ਦੋ ਕੱਪ ਚਾਹ ਦੇ ਲਿਆਈਂ...ਆਪਣੇ ਲੰਬੜਦਾਰ ਸਾਬ੍ਹ ਆਏ ਨੇ ਸੁਖ ਨਾਲ।

ਓ ਨਈਂ ਛੱਡ...ਮੇਰੀ ਚਾਹ ਤਾਂ ਬੰਦ ਕੀਤੀ ਐ ਡਾਕਟਰ ਨੇ।...ਮੈਂ ਤਾਂ ਆਇਆ ਸੀ, ਬਈ ਤਸੀਲਦਾਰ ਸਾਬ੍ਹ ਨੇ ਬੁਲਾਇਆ ਸਾਨੂੰ ਦੋਵਾਂ ਨੂੰ ਸ਼ਹਿਰ...ਦਫ਼ਤਰ। ਸੋ ਠੀਕ ਦਸ ਬਜੇ ਹਾਜ਼ਰ ਹੋਣਾ ਪੈਣਾ ਈਂ.....ਇਸ ਕਰਕੇ ਟੈਮ ਨਾਲ ਨਿਕਲ ਪਈਂ ਘਰੋਂ।....ਚੰਗਾ ਚਲਦਾ ਮੈਂ । ਲੰਬੜਦਾਰ ਨੇ ਭਰਵੀਂ ਆਵਾਜ਼ ਵਿੱਚ ਥੋੜਾ ਘੋਖ ਕੇ ਆਖਿਆ।

ਮੈਂ ਕਿਆ ਲੰਬੜਦਾਰ ਸਾਬ੍ਹ ਬੈਠ ਤਾਂ ਜਾਉ ਭੀਤੀ ਨੇ ਜਰਾ ਆਸਵੰਦ ਹੋ ਕੇ ਇਕ ਤਰਲਾ ਜਿਹਾ ਕੀਤਾ।

ਨਈਂ ਬਈ ਟੈਮ ਹੈ ਨੀ ਮੇਰੇ ਕੋਲ।..ਮੈਂ ਹੋਰ ਪਾਸੇ ਵੀ ਜਾਣਾ ਅਜੇ। ਤੂੰ ਜਲਦੀ ਪਹੁੰਚੀ ਦਫ਼ਤਰ।” ਲੰਬੜਦਾਰ ਨੇ ਅਡੋਲ ਹੀ ਦੋ-ਟੁੱਕ ਜਵਾਬ ਦਿੱਤਾ।

“….ਚੰਗਾ ਜੀ….ਕੋਈ ਗੱਲ ਨੀਂ। ਭੀਤੀ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਦਰਵਾਜ਼ਾ ਭੇੜ ਕੇ ਦੁਬਾਰਾ ਮੰਜੀ ਤੇ ਆ ਬੈਠਾ। ਲੰਬੜਦਾਰ ਦੀ ਡਾਂਗ ਦਾ ਖੜਾਕਾ ਹੌਲੀ-ਹੌਲੀ ਮੱਧਮ ਪੈ ਗਿਆ। ਬਿੱਦੋ ਨੇ ਚਾਹ ਨਾਲ ਭਰਿਆ ਸਟੀਲ ਦਾ ਗਿਲਾਸ ਉਸ ਦੇ ਹੱਥਾਂ ਵਿੱਚ ਥਮਾ ਦਿੱਤਾ ਅਤੇ ਥੋੜੀ ਨਰਮੀ ਨਾਲ ਬੋਲੀ,

ਲੈ ਫੜ......ਨਾਲੇ ਸੁਣ.....ਅੱਜ ਨਾ ਜਾਈਂ ਕਿਧਰੇ.....ਏਧਰ ਉਧਰ। ਪਹਿਲਾਂ ਕੰਮ ਤੇ ਜਾਇਆ...ਤੇ ਉਧਰ ਲੌਢੇ ਵੇਲੇ ਜਾ ਆਈਂ.....ਜਿਥੇ ਲੰਬੜਦਾਰ ਆਖ ਗਿਆ।

ਲੌਢੇ ਵੇਲੇ ਮੋਏ ਦਫ਼ਤਰ ਖੋਲਦੇ ਐ।…..ਉਥੇ ਤਾਂ ਟੈਮ ਨਾਲ ਈ ਜਾਣਾ ਪਉ। ਨਾਲੇ ਕੋਈ ਖਾਸ ਗੱਲ ਈ ਹੋਣੀ ਐ...ਜਿਹੜਾ ਲੰਬੜਦਾਰ ਆਪ ਖ਼ੁਦ ਚਲ ਕੇ ਆਇਆ। ਭੀਤੀ ਨੇ ਆਪਣਾ ਥੋੜਾ ਜਿਹਾ ਰੁਤਬਾ ਮਹਿਸੂਸ ਕਰਦਿਆਂ ਕਿਹਾ।

ਉਸ ਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਉਸ ਦੀ ਆਪਦੀ ਵੀ ਥੋੜੀ ਬੁਕਤ ਹੋਵੇ। ਇਸ ਲਈ ਉਸ ਨੇ ਬਿੱਦੋ ਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕੀਤੀ।

"ਖਾਸ ਕੰਮ ਇਹਨੂੰ ਸਵਾਹ ਹੋਣਾ ਐ।...ਆਪ ਤਾਂ ਹਰਾਮ ਈ ਖਾਣਾ ਇਹਨਾਂ। ਨਾਲੇ ਕਿਸੇ ਹਮਾਤੜ ਨੂੰ ਵੀ ਕੁਝ ਨਹੀਂ ਕਰਨ ਦੇਣਾ। ਗਰੀਬਾਂ ਦਾ ਕੀਤਾ ਈ ਖਾਂਦੇ ਐ....ਤੇ ਧੌਂਸ ਵੀ ਗਰੀਬਾਂ ਤੇ ਈ ਜਮਾਉਂਦੇ ਐ।...ਕੱਲ ਆਹ ਮੋਇਆ ਮੈਨੂੰ ਆਂਹਦਾ ..ਏਥੇ ਤੌੜ ਚ ਗੋਹਾ ਨਾ ਸੁੱਟਿਆ ਕਰ....ਅਖੇ ਏਹ ਸ਼ਾਮਲਾਟ ਨਈਂ ਮੇਰਾ ਆਪਣਾ ਖਰੀਦਿਆ ਐ। ਨਾਲੇ ਡੇਲੇ ਡਫਾਰੇ ਮੇਰੇ ਵੱਲ। ਜਿਵੇਂ ਖਾ ਈ ਜਾਣਾ ਹੁੰਦਾ ਐ।...ਪਟਵਾਰੀਆਂ ਨਾਲ ਮਿਲ ਕੇ ਪਿੰਡ ਆਪਣੇ ਨਾਂ ਕਰਵਾ ਲਿਆ ਔਂਤਰਿਆਂ ਨੇ, ਤੇ ਗਰੀਬਾਂ ਨੂੰ ਬੰਨੇ ਨਈਂ ਚੜਨ ਦਿੰਦੇ ਨਿੱਕੇ ਨੂੰ ਬੈਠਾ ਕਰਕੇ ਉਸਦੇ ਮੂੰਹ ਨੂੰ ਚਾਹ ਵਾਲਾ ਗਿਲਾਸ ਲਾਉਂਦਿਆਂ ਬਿੱਦੋ ਨੇ ਸ਼ਿਕਵਾ ਕੀਤਾ।

ਕੋਈ ਗੱਲ ਨੀਂ.... ਕੱਢਦਾਂ, ਮੈਂ ਸਰਪੰਚ ਦੇ ਕੰਨੋਂ। ਕਿੜ ਤਾਂ ਇਹਨਾਂ ਨੂੰ ਕਿਸੇ ਹੋਰ ਗੱਲ ਦੀ ਐ। ਬਈ ਅਸੀਂ ਕਿਉਂ ਬਣਗੇ।....ਤੂੰ ਏਦਾਂ ਕਰ ਆਟਾ ਗੁੰਨ ਕੇ ਦੋ ਰੋਟੀਆਂ ਲਾਹ ਦੇ ਨਾਲੇ ਕੁੜੀ ਨੂੰ ਲੈਜੀਂ ਡੇਰੇ। ਫਾਂਡਾ ਕਰਵਾ ਲਿਆਈਂ। ਕੋਈ ਓਪਰੀ ਸ਼ੈਅ ਲਗਦੀ ਐ ਮੈਨੂੰ.....ਬੜੇ ਲੋਕ ਰਾਜੀ ਹੋ ਕੇ ਆਉਂਦੇ ਐ ਉਥੋਂ। ਨਾਲੇ ਜਰੂਰ ਡਾਕਟਰਾਂ ਦੇ ਘਰ ਭਰਨੇ ਐਂ।" ਨਿਰਾਸ਼ਾ ਦੇ ਆਲਮ ਵਿੱਚੋਂ ਕੁਝ ਆਸ ਬਟੋਰ ਕੇ ਭੀਤੀ ਨੇ ਬਿੱਦੋ ਨੂੰ ਓਪਰੇ ਮਨੋਂ ਇਕ ਤਾਕੀਦ ਜਿਹੀ ਕੀਤੀ।

ਕੱਲ ਕਰਮੋਂ ਨੂੰ ਪੁੱਛਿਆ ਸੀ ਮੈਂ....ਡੇਰੇ ਵਾਲਾ ਬਾਬਾ ਆਪ ਹੈਨੀਂ ਏਥੇ...ਉਹਦੇ ਚੇਲੇ ਐ।...ਆਂਹਦੇ ਅੱਜ ਸ਼ਾਮ ਨੂੰ ਆਉਣਾ ਉਹਨੇ। ਕੁੜੀ ਦਾ ਤਾਂ ਰੰਗ ਜਿਹਾ ਵੀ ਪੀਲਾ ਪੈ ਗਿਆ ਐ...ਦੇਖਾਂ!...ਕਰਮਾਂ ਮਾਰੇ ਨੂੰ ਆਖਿਆ ਸੀ, ਡਾਕਟਰ ਦੇ ਲੈ ਜਾ ਇਹਨੂੰਮਰਜੂ ਮੰਜੇ ਤੇ ਪਈ ਏਦਾਂ ਬਿੱਦੋ ਨੇ ਕੁੜੀ ਦੇ ਮੱਥੇ ਉਪਰ ਹੱਥ ਰੱਖਦਿਆਂ ਇਕ ਹੌਕਾ ਜਿਹਾ ਭਰਿਆ।

ਭੀਤੀ ਦਾ ਆਪਣਾ ਚਿਹਰਾ ਵੀ ਮੁਰਝਾਇਆ ਸੀ। ਕੋਲ ਪੈਸੇ ਨਾ ਹੋਣ ਕਰਕੇ ਉਹ ਆਪਣੀ ਧੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਸੀ।

ਥੋੜੇ ਪੈਸੇ ਕੋਲ ਹੁੰਦੇ ਤਾਂ ਇਹਨੂੰ ਡਾਕਟਰ ਕੋਲ ਈ ਲੈ ਜਾਂਦਾ...ਖੌਰੇ ਕਿਹੜਾ ਬੁਖ਼ਾਰ ਐ?..ਰੱਬ ਵੀ ਗਰੀਬਾਂ ਨਾਲ ਈ..। ਟਿਕਟਿਕੀ ਜਿਹੀ ਲਾ ਕੇ ਉਹ ਸੋਚਣ ਲੱਗਾ। ਉਸਦੇ ਚਿਹਰੇ ਤੇ ਗੁਰਬਤ ਦੇ ਸ਼ਿਕਨ ਗਹਿਰੇ ਹੋਣ ਲੱਗੇ, ਜਿਵੇਂ ਇਹ ਉਸਦੇ ਜੀਵਨ ਦੇ ਮੀਲ-ਪੱਥਰ ਹੋਣ ਅਤੇ ਸਮੇਂ ਦੀ ਝਾਲ ਝੱਲਦਿਆਂ ਇਕ-ਇਕ ਕਰਕੇ ਉਸਦੇ ਚਿਹਰੇ ਤੇ ਉੱਕਰ ਆਏ ਹੋਣ। ਮਾਪਿਆਂ ਦਾ ਸਾਥ ਤਾਂ ਬਚਪਨ ਵਿੱਚ ਹੀ ਛੁੱਟ ਗਿਆ ਸੀ। ਸ਼ਾਹਾਂ ਦੇ ਘਰ ਹੀ ਉਸ ਨੇ ਹੋਸ਼ ਸੰਭਾਲੀ। ਉਹਨਾਂ ਦੇ ਸ਼ੀਰੀਂ ਦੇ ਰੂਪ ਚ। ਉਹਨਾਂ ਦੇ ਡੰਗਰ ਚਾਰਦਾ, ਖੂਹ ਵਾਹੁੰਦਾ ਤੇ ਖੇਤਾਂ ਚ ਹਲ ਚਲਾਉਂਦਾ। ਵੱਡੇ ਸ਼ਾਹ ਦਾ ਜਿਵੇਂ ਉਹ ਕਰਜ਼ਦਾਰ ਹੋਵੇ। ਉਹਦੇ ਮੂਹਰੇ ਬਾਂਦਰ ਵਾਂਗ ਟੱਪਣਾ। ਹਰ ਕਮ ਬੜਾ ਚਾਈਂ-ਚਾਈਂ ਕਰਦਾ। ਬੜਾ ਪਿਆਰ ਕਰਦਾ ਸੀ ਉਸ ਨੂੰ ਸ਼ਾਹ। ਇਹ ਮਕਾਨ ਉਸ ਨੂੰ ਸ਼ਾਹ ਨੇ ਹੀ ਬਣਵਾ ਕੇ ਦਿੱਤਾ ਸੀ। ਏਥੋਂ ਤੱਕ ਕੇ ਸ਼ਾਹ ਨੇ ਆਪ ਹੀ ਕਾਰਜ਼-ਵਿਹਾਰ ਕਰਕੇ ਉਸਦਾ ਘਰ ਵਸਾਇਆ ਸੀ। ਜਦੋਂ ਤੱਕ ਸ਼ਾਹ ਜਿਉਂਦਾ ਰਿਹਾ, ਉਸਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਸ਼ਾਹ ਨੇ ਆਪ ਆਖਣਾ,ਕਾਕਾ ਦਾਣੇ ਹੈਨੀਂ ਤਾਂ ਦਾਣੇ ਲੈ ਜਾ...ਆਹ ਲੈ ਫੜ ਸੌ ਰੁਪਈਆ...ਸੰਗਦਾ ਨਾ ਰਹੀਂ, ਕਿਸੇ ਗੱਲੋਂ ਕਮਲਿਆ। ਢਿੱਡ ਨਾਲ ਕੋਈ ਵੈਰ ਨਹੀਂ ਹੁੰਦਾ। ਹੱਥ ਤੰਗ ਹੁੰਦਾ ਈ ਤਾਂ ਆਖ ਛੱਡਿਆ ਕਰ।

ਪਰ ਹੁਣ ਸਮਾਂ ਬਦਲ ਗਿਆ ਸੀ। ਸਰਪੰਚ, ਜੋ ਸ਼ਾਹ ਦਾ ਵੱਡਾ ਪੁੱਤਰ ਸੀ, ਬੜਾ ਕੁਰੱਖ਼ਤ ਅਤੇ ਬੇ-ਲਿਹਾਜ਼ਾ ਬੰਦਾ ਸੀ। ਜ਼ਰਾ ਵੀ ਲਿਹਾਜ਼ ਨਹੀਂ ਸੀ ਕਰਦਾ ਕਿਸੇ ਦਾ। ਦੋ ਪੈਸੇ ਦੇ ਕੇ ਕੰਮ ਚੌਹਾਂ ਦਾ ਲੈਣਾ। ਉਪਰੋਂ ਅਹਿਸਾਨ ਵਾਧੂ। ਹੁਣ ਭੀਤੀ ਨੂੰ ਇੰਝ ਲੱਗਣ ਲੱਗਾ ਸੀ ਕਿ ਸਰਪੰਚ ਕਿਤੇ ਘਰੋਂ ਹੀ ਨਾ ਕੱਢ ਛੱਡੇ ਉਹਨਾਂ ਨੂੰ। ਕਿਉਂ ਜੋ ਪੰਜ ਮਰਲੇ ਥਾਂ ਉਹਨਾਂ ਦਾ ਹੀ ਦਿੱਤਾ ਹੋਇਆ ਸੀ, ਆਪਣੀ ਹਵੇਲੀ ਚੋਂ ਸੜਕ ਵਾਲੇ ਪਾਸੇ। ਹਾਲਾਂਕਿ ਭੀਤੀ ਆਪਣੀ ਜੀ ਤੋੜ ਮਿਹਨਤ ਸਦਕਾ ਉਹਨਾਂ ਦੀ ਝੋਲੀ ਇਸ ਤੋਂ ਕਈ ਗੁਣਾ ਵੱਧ ਭਰ ਚੁੱਕਾ ਸੀ। ਪਰ ਤਕੜੇ ਦਾ ਤਾਂ ਸੱਤੀਂ-ਵੀਹੀਂ ਸੌ ਹੁੰਦਾ ਹੈ ਨਾ।

“….ਭਾਅ....?”  ਏਨੇ ਨੂੰ ਸਰਪੰਚ ਦਾ ਵੱਡਾ ਲੜਕਾ ਪਾਲੀ ਆ ਧਮਕਿਆ। ਉਸਦੀ ਆਵਾਜ਼ ਜਿਵੇਂ ਭੀਤੀ ਦੇ ਕੰਨਾ ਚੋਂ ਨਿਕਲ ਗਈ ਹੋਵੇ।

ਕਿੱਥੇ ਐ ਭਾਅ?...ਲਗਦਾ ਅਜੇ ਅੱਖਾਂ ਈ ਮਲੀ ਜਾਂਦਾ।...ਬੜਾ ਢਿੱਲਾ ਜਿਹਾ ਲਗਦਾਂ।………ਲਗਦਾ ਸਵੇਰੇ ਈ ਹਾੜਾ ਚਾੜ ਗਿਆਂ।........ਕੀ ਗੱਲ ਰਾਤੀਂ ਬਣਿਆ ਨਹੀਂ ਸੀ ਕੁਝ?” ਉਹ ਤਿੰਨ-ਚਾਰ ਟਕੋਰਾਂ ਇਕਦਮ ਹੀ ਮਾਰ ਗਿਆ।

ਓ ਨਈਂ ਪਾਲੀ ਯਾਰ....ਰਾਤ ਆਲੀ ਨੇ ਤਾਂ ਹੱਢ ਭੰਨਤੇ! ਸਿਰ ਪਾਟਣ ਡਿਆ ਹੁਣ ਭੀਤੀ ਨੇ ਮੂੰਹ ਫੇਰ ਕੇ ਸਿਰਹਾਣੇ ਨੂੰ ਉਥਲਦਿਆਂ ਜਵਾਬ ਦਿੱਤਾ।

ਅਜੇ ਪਈ ਓ..ਤੂੜੀ ਆਲੇ ਅੰਦਰ..ਲਿਆਵਾਂ?” ਪਾਲੀ ਨੇ ਹੱਸਦਿਆਂ-ਹੱਸਦਿਆਂ ਟਿੱਚਰ ਕੀਤੀ।

ਹੱਛਾ ਛੱਡ..ਪੱਠੇ ਪਾਤੇ ਡੰਗਰਾਂ ਨੂੰ?”

ਆਹੋ……..

ਏਦਾਂ ਕਰ, ਟਿੱਲਰ ਪਾ ਟਰੈਕਟਰ ਨੂੰ...ਸੁਆਗਾ ਵੀ ਰੱਖਲੀਂ ਉਤੇ। ਛੰਭ ਆਲਾ ਕੰਮ ਸ਼ੁਰੂ ਕਰੀਏ। ਝੋਨਾ ਲੇਟ ਹੋ ਗਿਆ ਬਹੁਤ। ਨਾਲੇ ਕਹਿੰਦੇ ਐ ਸੇਮਾਂ ਦਾ ਪਾਣੀ ਥੱਲੇ ਚਲਾ ਗਿਆ…..ਮੋਟਰਾਂ ਪਾਣੀ ਨਹੀਂ ਕੱਢਦੀਆਂ। ਦੋਨੋਂ ਖੂਹੀਆਂ ਕਰ ਦੇਣੀਆਂ ਹੇਠਾਂ.....ਅੱਜ। ਚਾਬੀਆਂ ਤੇ ਪਾਨੇ ਵੀ ਰੱਖਲੀਂ ਨਾਲ ਪਾਲੀ ਦੀ ਏਨੀ ਗੱਲ ਸੁਣ ਕੇ ਭੀਤੀ ਦੇ ਕੰਨਾ ਵਿਚ ਲੰਬੜਦਾਰ ਦੇ ਬੋਲ ਗੂੰਜਣ ਲੱਗੇ। ਫਿਰ ਵੀ ਸੋਚਾਂ ਵਿਚ ਉਸਦੇ ਮੂੰਹੋਂ ਹੱਛਾ ਨਿਕਲ ਗਿਆ। ਪਾਲੀ ਏਨੀ ਗੱਲ ਕਹਿ ਕੇ ਦਰਵਾਜ਼ਾ ਟੱਪਣ ਹੀ ਲੱਗਾ ਸੀ ਕਿ ਬਿੱਦੋ ਨੇ ਲੰਮੀ ਬਾਂਹ ਕਰਕੇ ਭੀਤੀ ਨੂੰ ਅੱਖਾਂ ਨਾਲ ਸੈਨਤ ਮਾਰੀ। ਭੀਤੀ ਨੇ ਗੱਲ ਨੂੰ ਭਾਂਪਦਿਆਂ ਜਰਾ ਉਚੇ ਸੰਘੇ ਪੁੱਛਿਆ।

ਪਾਲੀ.ਸਰਪੰਚ ਸਾਬ੍ਹ ਘਰੇ ਈ ਐ ਭਲਾ?”

ਨਈਂ ਤੈਨੂੰ ਨਈਂ ਪਤਾ ਰਾਤੀਂ ਲੜਾਈ ਹੋਈ ਜਿਹੜੀ ਗੁਰਦਾਸ ਪੁਰੀਆਂ ਦੀ ਦੂਲੋ ਕਿਆਂ ਨਾਲ, ਪਾਣੀ ਦੀ ਵਾਰੀ ਅੱਲੋਂ। ਸਾਰੇ ਮੋਹਤਵਾਰ ਬੰਦਿਆਂ ਨੂੰ ਸੱਦਿਆ ਸੀ ਅੱਜ।..........ਉਥੇ ਗਿਆ ਬਾਪੂ। ਬਹੁਤ ਡਾਂਗਾਂ, ਬਰਸ਼ੀਆ ਚੱਲੀਆਂ। ਵਾਹਵਾ ਵੱਢ-ਵੱਢਾਂਗਾ ਹੋਇਆ ਦੱਸਦੇ....ਪੁਲਸ ਵੀ ਆਈ ਓ ਤੇੜ ਚਾਦਰ ਨੂੰ ਇਕ ਹੱਥ ਨਾਲ ਸਾਂਭਦਿਆਂ ਪਾਲੀ ਨੇ ਖ਼ਬਰ ਜਿਹੀ ਸੁਣਾਈ।

ਹੱਛਾ!..ਬੜੀ ਗੱਲ ਵਧਗੀ ਤਾਂ।"

ਗੱਲ ਦੀ ਤਹਿ ਤੱਕ ਜਾਂਦਿਆਂ ਭੀਤੀ ਨੇ ਇਕ ਘੁੱਟ ਜਿਹਾ ਭਰਿਆ। ਮੋਹਤਵਾਰ ਸ਼ਬਦ ਨੇ ਉਸ ਦੇ ਸਵੇ-ਮਾਣ ਨੂੰ ਜਿਵੇਂ ਖਹਿ ਜਿਹੀ ਮਾਰੀ। ਉਸ ਨੂੰ ਇੰਝ ਲੱਗਿਆ ਜਿਵੇਂ ਉਸ ਦਾ ਘੜੀ ਪਹਿਲਾਂ ਵਾਲਾ ਰੁਤਬਾ ਘਟ ਕੇ ਇਕ ਕਠਪੁਤਲੀ ਤੋਂ ਵੀ ਹੇਠਾਂ ਹੋ ਗਿਆ ਹੋਵੇ। ਸੁਤੇ-ਸਿਧ ਹੀ ਉਹ ਇਕ  ਉਚਾਈ ਤੇ ਬੈਠਾ ਥੱਲੇ ਨੂੰ ਝਾਕਣ ਲੱਗਾ ਤੇ ਉਸਦੇ ਮਨ ਵਿਚਲਾ ਡਰ ਜਿਵੇਂ ਹੋਰ ਉਘੜ ਆਇਆ ਹੋਵੇ। ਪਾਲੀ ਦੇ ਜਾਣ ਤੋਂ ਬਾਦ ਬਿੱਦੋ ਨੇ ਆਟੇ ਵਾਲੀ ਪਰਾਤ ਉਤੇ ਹੱਥ ਮਾਰਦਿਆਂ ਫਿਰ ਉਸ ਨੂੰ ਟਾਂਚ ਜਹੀ ਮਾਰੀ।

ਲੈ....ਲੱਭ ਲੈ ਖਸਮਾਂ ਨੂੰ ਖਾਣਿਆਂ ਨੂੰ। ਕੱਲ ਆਖਿਆ ਸੀ ਔਂਤਰੇ ਨੂੰ...ਲੈ ਲੈ ਸੌ ਕ ਰਪਈਆ ਹਦਾਰਾ। ਕੰਨੋਂ ਜੂੰ ਨਾ ਸਰਕੀ ਏਹਦੇ।

ਉਸਦੀਆਂ ਗੱਲਾਂ ਨੇ ਜਿਵੇਂ ਬਲਦੀ ਤੇ ਤੇਲ ਦਾ ਕੰਮ ਕੀਤਾ। ਭੀਤੀ ਗੁੱਸੇ ਨਾਲ ਉਠਿਆ, ਪੈਰੋਂ ਜੁੱਤੀ ਲਾਹ ਕੇ, ਚਾਰ-ਪੰਜ ਬਿੱਦੋ ਦੇ ਮੌਰਾਂ ਵਿਚ ਜੜ ਦਿੱਤੀਆਂ ਅਤੇ ਆਪ ਗਾਲਾਂ ਕੱਢਦਾ ਹਵੇਲੀ ਵੱਲ ਵਧਿਆ। ਟਰੈਕਟਰ ਨੂੰ ਟਿੱਲਰ ਪਾ ਕੇ ਖੇਤਾਂ ਨੂੰ ਹੋ ਤੁਰਿਆ। ਏਧਰ ਚੌਂਕੇ ਵਿਚ ਬੈਠੀ ਬਿੱਦੋ ਕਮਲੀ ਹੋਈ ਵੈਣ ਜਹੇ ਪਾਉਣ ਲੱਗੀ।

"ਹਾਏ!...ਲੈ ਔਂਤਰਾ!,.....ਮੈਨੂੰ ਮਾਰਤੀ.....ਗੜੀ ਉਠਣੇ ਨੇ......ਲੋਕੋ!......ਕਿਹੜਾ ਔਂਤਰਾ ਉਲਟੀਆ ਧੂਤੀਆਂ ਪੜ੍ਹਾਉਂਦਾ ਵੇ ਏਹਨੂੰ।....ਖੌਰੇ ਕਿਹੜਾ ਨਖੱਤਾ ਸੇਹ ਦਾ ਤੱਕਲਾ ਦੱਬ ਗਿਆ....ਮੇਰੇ ਵੇਹੜੇ?”   


ਭੂਪਿੰਦਰ

1 comment:

  1. ਸਚਾਈ ਨੂੰ ਬਿਆਨ ਕਰਦੀ ਇੱਕ ਵਧੀਆ ਕਹਾਣੀ।
    ਇਸ ਕਹਾਣੀ ਦਾ ਪਂਜਾਬੀ ਰਸਾਲੇ ਸਮੁੰਦਰੋਂ ਪਾਰ 'ਚ ਪ੍ਰਕਾਸ਼ਿਤ ਹੋਣ ਲਈ ਵਧਾਈ !
    ਪੜ੍ਹਦੇ ਰਹੋ ਤੇ ਲਿਖਦੇ ਰਹੋ!

    ਹਰਦੀਪ

    ReplyDelete