Monday, November 19, 2012

ਕਵਿਤਾ/ਨਜ਼ਮ


ਸੋਹਣੀ ਪਤਝੜ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ 

ਭੂਰੇ, ਲਾਲ ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ਤੇ ਡਿਗਦੇ , ਨਟਖਟ ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।


ਤਿਤਲੀਆਂ, ਭੌਰੇ, ਫੁੱਲ ਤੇ ਕਲੀਆਂ, ਬਹਿਸ਼ਤ ਲੈਣ ਨਜ਼ਾਰੇ ਚੱਲੀਆਂ,
ਪੁੰਗਰ ਦੀ ਬਹਾਰ ਨੂੰ ਮੁੜਕੇ, ਰੂਪ ਬਦਲ ਕੇ ਆਉਣਾ ਝੱਲੀਆਂ
ਕੁਦਰਤ ਕਾਰੀਗਰ ਫਿਰ ਲਾਉਣਾ, ਆਪੋ-ਆਪਣੀ ਜਗ੍ਹਾ ਤੇ ਘੜ-ਘੜ।

ਧੁਆਂਖ, ਸਰਦ ਰੁੱਤ ਦੀ ਘੋਲੀ, ਸਾਰੀ ਫਿਜ਼ਾ ਚ ਪੋਲੀ-ਪੋਲੀ,
ਸੂਰਜ ਤੇਜ ਮੁਕਾਵੇ ਪੈਂਡਾ, ਟਿਕੀ ਰਾਤ, ਚੁੱਪ ਕੁਝ ਨਾ ਬੋਲੀ
ਕੱਚੀ ਧੁੱਪ, ਨਿੱਘ ਪਿਆ ਖੁਰਦਾ, ਪਰਛਾਵੇਂ ਸਰਕਾਵਣ ਫੜ-ਫੜ।

 
ਕਿਰਤੀ ਹੱਸਦਾ ਵਸਦਾ ਲੱਭਦਾ, ਸ਼ੁਕਰ ਗੁਜ਼ਾਰੇ ਡਾਹਢੇ ਰੱਬ ਦਾ,
ਕਿਰਤ ਮਿਲੇ ਹਰ ਬਸ਼ਰ ਦੇ ਤਾਈਂ, ਮੁੱਕੇ ਫਾਹਾ ਭੁੱਖ ਦੇ ਯੱਭ ਦਾ।
ਹਰ ਮੁਲਕ ਦੇ ਘਰ-ਘਰ ਹੜ੍ਹ ਜਾਣ, ਖੁਸ਼ੀਆਂ-ਖੇੜੇ ਆਵਣ ਚੜ੍ਹ-ਚੜ੍ਹ।

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ 

Note: published in punjabi lekhak and punjab mail.

3 comments:

  1. ਪੱਤਝੜ ਨੂੰ ਬਹੁਤ ਹੀ ਸੋਹਣੇ ਸ਼ਬਦਾਂ 'ਚ ਬਿਆਨ ਕੀਤਾ ਹੈ । ਇਹ ਸਤਰਾਂ ਖਾਸ ਖਿੱਚ ਰੱਖਦੀਆਂ ਹਨ ।
    ਭੂਰੇ, ਲਾਲ ‘ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
    ਮਟਕ-ਮਟਕ ਕੇ ਭੋਇੰ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।

    ReplyDelete
  2. ਨਵੇਂ ਸਾਲ ਦੀਆਂ ਮੁਬਾਰਕਾਂ !

    ReplyDelete
  3. ਪੱਤਝੜ ਦਾ ਖੁਸ਼ੀ ਦੇ ਰੰਗ ਲਿਆਉਣਾ .......ਵਧੀਆ ਲੱਗਾ ।

    ReplyDelete