Tuesday, June 9, 2015

ਲੇਖ


 ਕੁਦਰਤ ਦੇ ਰੰਗਾਂ ਵਿੱਚ ਰੰਗਿਆ ਇਕ ਪ੍ਰੌੜ ਸ਼ਾਇਰ

- ਰਤਨ ਟਾਹਲਵੀ

ਰਤਨ ਟਾਹਲਵੀ ਦਾ ਨਾਂ ਅੱਜ ਸ਼ਾਇਦ ਹੀ ਕਿਸੇ ਜਾਣ-ਪਛਾਣ ਦਾ ਮੁਥਾਜ ਹੈ। ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿਚ ਇਸ ਨਾਂ ਲਈ ਇਕ ਵਿਸ਼ੇਸ਼ ਥਾਂ ਹੈ। ਆਪਣੀ ਸੁਹਿਰਦ ਅਤੇ ਸੱਭਿਆਚਾਰਕ ਲੇਖਣੀ ਕਰਕੇ ਇਹ ਅਨੇਕਾਂ ਹੀ ਵਾਰ ਸਨਮਾਨਿਤ ਹੋ ਚੁੱਕੇ ਹਨਸਟੇਜਾਂ ਉਤੇ ਅਤੇ ਹੋਰ ਮੀਡੀਏ ਵਿੱਚ ਉਹਨਾਂ ਨੂੰ ਵੱਖਰੇ-ਵੱਖਰੇ ਖਿਤਾਬ ਜਿਵੇਂ  ‘ਕੁਦਰਤ ਦਾ ਕਵੀ’, ‘ਵਗਦੇ ਦਰਿਆਵਾਂ ਦਾ ਵਹਿਣ’ ਆਦਿ ਮਿਲ ਚੁੱਕੇ ਹਨ। ਖੁੱਲੇ-ਡੁੱਲੇ ਅਤੇ ਸਾਊ ਸੁਭਾਅ ਦੇ ਇਸ ਪ੍ਰੌੜ ਸ਼ਾਇਰ ਦਾ ਜਨਮ ਜਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਟਾਹਲੀ, ਪਿਤਾ ਸਵ.ਸ. ਚਰਨ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜ ਕੌਰ ਦੀ ਕੁਖੋਂ ਸਾਲ 1956 ਵਿੱਚ ਹੋਇਆ। ਬਚਪਨ ਇੱਕ ਆਮ ਬੱਚੇ ਵਾਂਗ ਇਸ ਪਿੰਡ ਦੀਆਂ ਵਾਦੀਆਂ, ਸ਼ਾਂਤ ਵਗਦੇ ਦਰਿਆ ਦੇ ਮਨਚਲੇ ਪਾਣਿਆਂ ਨਾਲ ਅੱਠਖੇਲੀਆਂ ਕਰਦਿਆਂ ਅਤੇ ਇਹਨਾਂ ਦੇ ਗੀਤ ਗਾਉਂਦਿਆਂ ਹੀ ਗੁਜ਼ਰਿਆ। ਸਕੂਲ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ। ਅਗਲੇਰੀ ਪੜ੍ਹਾਈ ਕੁਝ ਘਰੇਲੂ ਕਾਰਨਾਂ ਕਰਕੇ ਵਿੱਚ ਹੀ ਰੋਕਣੀ ਪਈ। ਬਚਪਨ ਤੋਂ ਹੀ ਮਿੱਠ-ਬੋਲੜਾ ਸੁਭਾਅ, ਸਭ ਦੇ ਦਿਲਾਂ ਨੂੰ ਖਿੱਚ ਪਾਉਂਦਾ ਰਿਹਾ ਹੈ। ਕੋਈ ਵੀ ਜਾਣਕਾਰ ਹੋਵੇ ਜਾਂ ਫਿਰ ਅਣਜਾਣ ਬੰਦਾ ਇਹਨਾਂ ਦੇ ਦਾਰਸ਼ਨਿਕ ਸੁਭਾਅ ਦਾ ਕਾਇਲ ਹੋ ਕੇ ਰਹਿ ਜਾਂਦਾ ਹੈ। ਸ਼ਾਦੀ ਬੀਬੀ ਚਰਨਜੀਤ ਕੌਰ ਨਾਲ ਸਾਲ 1980 ਵਿਚ ਹੋਈ। ਪੰਜ ਜੀਆਂ ਦੇ ਪੂਰੇ ਪਰਿਵਾਰ ਵਿਚ ਦੋ ਸਪੁੱਤਰ ਸ.ਦਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਹਨ। ਸ.ਦਵਿੰਦਰ ਸਿੰਘ ਦੀ ਸ਼ਾਦੀ ਬੀਬੀ ਸੁਖਜਿੰਦਰ ਕੌਰ ਨਾਲ ਹੋ ਚੁੱਕੀ ਹੈ। ਕੋਈ ਵੀਹ ਕੁ ਸਾਲਾਂ ਤੋਂ ਆਪ ਖ਼ੁਦ ਉਹ ਇੱਕ ਉਸ ਵਿੱਦਿਅਕ ਸੰਸਥਾ ਦੇ ਸੰਚਾਲਕ ਹਨ ਜੋ ਇਲਾਕੇ ਦੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕਰਦੀ ਹੈ। ਉਹ ਦੱਸਦੇ ਹਨ ਕਿ ਇਸ ਸੰਸਥਾ ਤੋਂ ਵਿੱਦਿਆ ਹਾਸਲ ਕਰ ਕੇ ਗਏ ਬੱਚਿਆਂ ਨੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ।    

                      ਪੰਜਾਬ ਦੀ ਧਰਤੀ ਉੱਪਰ ਵਗ ਰਹੇ ਨਸ਼ਿਆਂ ਦੇ ਦਰਿਆ ਤੋਂ ਨੌਜੁਆਨ ਪੀੜ੍ਹੀ ਅੱਜ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕੀ ਹੈ। ਅਠਾਰਾਂ ਤੋਂ ਲੈ ਕੇ ਤੀਹ ਸਾਲ ਦੇ ਨੌਜੁਆਨਾਂ ਦਾ ਇੱਕ ਵੱਡਾ ਹਿੱਸਾ ਪੂਰੀ ਤਰਾਂ ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ। ਪੰਜਾਬ ਦੀ ਇਸ ਅੱਜ ਦੀ ਹੋਣੀ ਨੂੰ ਦੇਖ ਕੇ ਇੱਕ ਆਮ ਇਨਸਾਨ ਦੰਦਾਂ ਹੇਠ ਜੀਭ ਲੈ ਕੇ ਰਹਿ ਜਾਂਦਾ ਹੈ। ਜਿੱਥੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਰਾਹੀਂ ਪੰਜਾਬੀ ਦੇ ਹੋਰ ਲੇਖਕ ਇਸ ਪਾਸੇ ਆਪਣਾ ਯੋਗਦਾਨ ਪਾ ਰਹੇ ਹਨ ਉਥੇ ਰਤਨ ਟਾਹਲਵੀ ਵੀ ਆਪਣੀ ਸ਼ਾਇਰੀ ਰਾਹੀ ਨਸ਼ਿਆਂ ਵਿੱਚ ਗ਼ਲਤਾਨ ਹੁੰਦੀ ਜਾ ਰਹੀ ਨੌਜੁਆਨ ਪੀੜ੍ਹੀ ਨੂੰ ਬਚਾਉਣ ਲਈ ਪੁਰਜ਼ੋਰ ਯਤਨਸ਼ੀਲ ਹਨ ਉਹਨਾਂ ਆਪਣੇ ਸਪੁੱਤਰ ਸ.ਦਵਿੰਦਰ ਸਿੰਘ ਹੁਰਾਂ ਨੂੰ ਵੀ ਲੇਖਣ ਕਲਾ ਵੱਲ ਪਰੇਰ ਲਿਆ ਹੈ। ਉਹਨਾਂ ਦੀ ਨਵੀਂ ਛਪੀ ਪੁਸਤਕ 'ਪੰਜਾਬੀ ਵਿਹੜਾ' ਵਿਚ ਦਵਿੰਦਰ ਟਾਹਲਵੀ ਨੇ ਕੋਈ ਵੀਹ ਕੁ ਗੀਤ ਲਿਖੇ ਹਨ ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿੱਚ ਇੱਕ ਬਹੁਤ ਸੁਹਿਰਦ ਸ਼ੁਰੂਆਤ ਕਹੀ ਜਾ ਸਕਦੀ ਹੈ।        
                           ਅੱਜ ਜਦਕਿ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿਚ ਜਿੱਥੇ ਹਾਹਾਕਾਰ ਮੱਚੀ ਹੋਈ ਹੈ, ਕੁੱਲ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਗੰਧਲਾ ਕੀਤਾ ਜਾ ਰਿਹਾ ਹੈ, ਕੁਝ ਸਿੱਕਿਆਂ ਦੀ ਖ਼ਾਤਰ ਮੀਡੀਏ ਵਿਚ ਮਾਰਧਾੜ ਅਤੇ ਨਸ਼ਿਆਂ ਦੇ ਪ੍ਰੋਮੋਸ਼ਨ ਲਈ ਗ਼ੈਰ-ਇਖਲਾਕੀ ਢੰਗ-ਤਰੀਕੇ ਅਪਣਾਏ ਜਾ ਰਹੇ ਹਨ, ਉਥੇ ਇਹ ਸ਼ਾਇਰ ਆਪਣੀ ਲੇਖਣੀ ਰਾਹੀਂ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਕੁੱਲ ਦੁਨੀਆਂ ਵਿੱਚ ਵਸਦੀ ਪੰਜਾਬੀਅਤ ਦੇ ਮੁੱਲਾਂ ਦੀ ਪਹਿਰੇਦਾਰੀ ਕਰਦਾ ਹੈ। ਸੱਭਿਆਚਾਰ ਦੀਆਂ ਹੱਦਾਂ ਅੰਦਰ ਵਸਦੇ ਇਸ ਅਨੋਖੇ ਸ਼ਾਇਰ ਦੇ ਪਿਆਰ ਅਤੇ ਮੁਹੱਬਤ ਵਾਲੀਆਂ ਗ਼ਜਲਾਂ, ਗੀਤਾਂ ਅਤੇ ਕਵਿਤਾਵਾਂ ਦਾ ਲੱਚਰਤਾ ਜਾਂ ਅਸ਼ਲੀਲਤਾ ਦੇ ਨਾਲ ਕਿਤੇ ਕੋਹਾਂ ਦਾ ਵੀ ਵਾਸਤਾ ਨਹੀਂ। ਸਗੋਂ ਉਹ ਲੱਚਰ ਲਿਖਣ ਅਤੇ ਗਾਉਣ ਵਾਲਿਆਂ ਖਿਲਾਫ਼ ਆਪਣੀ ਕਲਮ ਨੂੰ ਲਾਮਬੰਦ ਕਰਦੇ ਹਨ ਉਹ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਨੂੰ ਨਸੀਹਤ ਦਿੰਦੇ ਹਨ ਕਿ ਉਹ ਪੰਜਾਬੀ ਮਾਂ-ਬੋਲੀ ਨਾਲ ਮਜ਼ਾਕ ਕਰਨਾ ਬੰਦ ਕਰ ਦੇਣ ਨਹੀਂ ਤਾਂ ਲੋਕ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ ਅਤੇ ਅਖੀਰ ਪਛਤਾਵੇ ਤੋਂ ਇਲਾਵਾ ਉਹਨਾਂ ਦੇ ਪੱਲੇ ਕੁਝ ਨਹੀਂ ਪਵੇਗਾ।

                              ਸਾਹਿਤ ਦੇ ਖੇਤਰ ਵਿੱਚ ਜਿੱਥੇ ਸ਼੍ਰੀ ਸੁਰਜੀਤ ਪਾਤਰ ਅਤੇ ਮਰਹੂਮ ਸ਼ਿਵ ਕੁਮਾਰ ਬਟਾਲਵੀ ਹੁਰੀਂ ਉਹਨਾਂ ਦੇ ਮਨਭਾਉਂਦੇ ਸ਼ਾਇਰ ਹਨ ਉਥੇ ਉਹ ਆਪਣਾ ਉਸਤਾਦ ਉੱਘੇ ਸ਼ਾਇਰ ਡਾ: ਜਸਵੰਤ ਬੇਗੋਵਾਲ ਨੂੰ ਮੰਨਦੇ ਹਨ। ਡਾ: ਜਸਵੰਤ ਬੇਗੋਵਾਲ ਉਹ ਦਰਵੇਸ਼ ਤੇ ਸ਼੍ਰੋਮਣੀ ਸਾਹਿਤਕਾਰ ਹਨ ਜਿਨ੍ਹਾਂ ਦੀ ਕਰਮ ਭੂਮੀ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਬੇਗੋਵਾਲ ਹੈਉਹਨਾਂ ਨੇ ਸੰਤਾ ਦਾ ਆਸ਼ੀਰਵਾਦ ਲੈ ਕਿ ਦੋ ਕਾਵਿ ਪੁਸਤਕਾਂ ਅਤੇ ਲਗਭਗ ਪੰਦਰਾਂ ਪੁਸਤਕਾਂ ਸਾਹਿਤ ਸਮੀਖਿਆ ਸਬੰਧੀ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕਿਤਾਬਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਐਮ. ਏ. ਵਿਭਾਗ ਵਿੱਚ ਲੱਗੀਆਂ ਹੋਈਆਂ ਹਨ ਉਹਨਾਂ ਦੀ ਰਹਿਨੁਮਾਈ ਹੇਠ ਰਤਨ ਟਾਹਲਵੀ ਹੁਰਾਂ ਨੇ ਅੱਜ ਤੱਕ ਕੁੱਲ ਦਸ ਕਿਤਾਬਾਂ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਹੈ। ਜਿੰਨ੍ਹਾਂ ਵਿੱਚ ਥਲ ਦਾ ਰਾਹੀ, ਪ੍ਰੀਤ ਦਾ ਰਾਹੀ, ਰੀਤਾਂ ਦਾ ਖੰਜਰ, ਗੀਤਾਂ ਦਾ ਵਣਜਾਰਾ, ਦਿਲ ਤੇ ਰੂਹ ਪੰਜਾਬ ਦੀ, ਨਿੱਕੀਆਂ ਨਿੱਕੀਆਂ ਬਾਲੜੀਆਂ, ਪਿੰਜਰ ਦੀ ਤਲਾਸ਼, ਕਲਮ ਰਵਾਨੀ (ਸੁਫ਼ੀ ਕਾਵਿ), ਪੰਜਾਬੀ ਵੇਹੜਾ, ਅਤੇ ਡਾ.ਜਸਵੰਤ ਬੇਗੋਵਾਲ ਦੁਆਰਾ ਸੰਪਾਦਿਤ ‘ਮੇਰੀਆਂ ਚੋਣਵੀਆਂ ਰਚਨਾਵਾਂ’ ਹਨਉਹਨਾਂ ਦਾ ਆ ਰਿਹਾ ਅਗਲੇਰਾ ਗੀਤ ਸੰਗ੍ਰਿਹਤੁਰ ਗਏ ਸੱਜਣ ਦੂਰਹੈ।  

                   ਆਪਣੀਆਂ ਕਵਿਤਾਵਾਂ ਦੇ ਪਲੇਠੇ ਸੰਗ੍ਰਿਹ ‘ਪਿੰਜਰ ਦੀ ਤਲਾਸ਼’ ਵਿੱਚ ਉਹਨਾਂ ਨੇ ਆਪਣੇ ਸੀਨੇ ਵਿਚ ਸਮੋਇਆ, ਘੁੱਗ ਵਸਦੇ ਪੰਜਾਬ ਵਿੱਚੋਂ ਲਗਾਤਾਰ ਹੋ ਰਹੇ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਪ੍ਰਵਾਸ ਦਾ ਦਰਦ ਪਰੋਇਆ ਹੈ। ਉਹ ਲਿਖਦੇ ਹਨ ਕਿਵੇਂ ਪੰਜਾਬ ਦੀ ਜਵਾਨੀ ਦੇਸੋਂ-ਪ੍ਰਦੇਸ ਖੱਜਲ ਖੁਆਰ ਹੋ ਰਹੀ ਹੈ ਅਤੇ ਬੀਤਿਆਂ ਸਮਿਆਂ ਵਿੱਚ ਇਸ ਅੰਨ੍ਹੀ ਦੌੜ ‘ਚ ਜੋ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਉਹਨਾਂ ਦੀਆਂ ਰੂਹਾਂ ਕਿਤੇ ਦੂਰ-ਦੁਰਾਡੇ ਪਹਾੜਾ, ਨਦੀਆਂ-ਨਾਲਿਆਂ ਅਤੇ ਓਪਰੀਆਂ ਵਾਦੀਆਂ ਵਿਚ ਕਿੰਝ ਆਪੋ-ਆਪਣੇ ਪਿੰਜਰਾਂ ਦੀ ਤਲਾਸ਼ ਕਰਦੀਆਂ ਹੋਣਗੀਆਂ ਹਨ। ਕਵਿਤਾ ‘ਕਾਫ਼ਿਲੇ ਦਾ ਪਾਂਧੀ’ ਵਿੱਚ ਉਹ ਆਪਣੇ ਆਪ ਨੂੰ ਉਸ ਕਾਫ਼ਿਲੇ ਦਾ ਹਮਸਫ਼ਰ ਮੰਨਦੇ ਹਨ ਜਿਸ ਕਾਫ਼ਿਲੇ ਦੇ ਲੋਕਾਂ ਨੇ ਪੰਜਾਬ ਦੀ ਧਰਤੀ ਤੋਂ ਮਨ ਵਿੱਚ ਇੱਕ ਸੁਨਿਹਰੀ ਸੁਫ਼ਨਾ ਸੰਜੋ ਕੇ ‘ਰਾਜ਼ਕ ਰਹੀਮ’ ਧਰਤੀਆਂ ਵੱਲ ਉਡਾਰੀ ਭਰੀ ਸੀ। ਫਿਰ ਇਸੇ ਸਫ਼ਰ ਦੇ ਦੌਰਾਨ ਓਪਰੇ ਸਮੁੰਦਰਾਂ ਦੇ ਗਹਿਰੇ ਪਾਣੀਆਂ ਵਿੱਚੋਂ  ਡੌਂਕੀਆਂ ਲਾਉਂਦਿਆਂ ਉਹ ਉਹਨਾਂ ਹੀ ਪਾਣੀਆਂ ਵਿੱਚ ਫ਼ਨਾਹ ਹੋ ਗਏ ਅਤੇ ਮੁੜ ਕਦੇ ਵੀ ਉਹਨਾਂ ਵਤਨਾਂ ਨੂੰ ਫੇਰੀ ਨਹੀਂ ਪਾਈ 
-ਅਚਾਨਕ, ਸੱਤਾਂ ਪਾਣੀਆਂ ਉਤੇ ਪਰਾਈ ਧਰਤੀ ਦੇ ਰਾਜ ਕਰਨ ਵਾਲੇ
ਰਾਜ਼ਕ ਰਹੀਮਾਂ, ਸ਼ੈਤਾਨ, ਹੈਵਾਨ ਦੇ ਆਸਰੇ ਮੌਤ ਦਾ ਮੰਜ਼ਰ ਬਰਸਾ ਦਿੱਤਾ।
ਅੱਖ ਦੇ ਫੋਰ ਵਿਚ ਕੀ ਨਿਰਮੋਹੇ, ਕੀ ਮਜ਼ਬੂਰ 
ਸਭ ਪਾਣੀਆਂ ਸੰਗ ਪਾਣੀ ਹੋ ਗਏ।
ਪੰਜਾਬ ਦੇ ਇਸ ਦੁਖਾਂਤ ਲਈ ਜ਼ਿੰਮੇਵਾਰ ਉਹ ਦੇਸ਼ ਦੇ ਪੁਰਾਣੇ ਰਾਜਨੀਤਿਕ ਢਾਂਚੇ, ਮਾਇਆ ਦੇ ਭੁੱਖੇ ਨੇਤਾਵਾਂ ਅਤੇ ਭ੍ਰਿਸ਼ਟ ਨੌਕਰਸ਼ਾਹ ਸਿਸਟਮ ਨੂੰ ਮੰਨਦੇ ਹਨ ਜਿਸ ਨੇ ਦੇਸ਼ ਦੇ ਬੇਰੁਜ਼ਗਾਰ ਨੌਜੁਆਨ ਵਰਗ ਦੀ ਸਾਰ ਤੱਕ ਨਹੀਂ ਲਈ। ਰੋਜ਼ਗਾਰ ਦੇ ਨਵੇਂ ਸਾਧਨ  ਪੈਦਾ ਕਰਨ ਦੀ ਬਜਾਇ, ਘਾਟੇ ਵਾਲੀਆਂ ਬਜਟਾਂ ਕਾਰਨ ਸਰਕਾਰੀ ਨੌਕਰੀਆਂ  ਵਿੱਚ ਕਟੌਤੀ ਕਰ ਦਿੱਤੀ ਗਈ ਅਤੇ ਦੂਸਰੇ ਪਾਸੇ ਨਿੱਜੀ ਖੇਤਰ ਵਿੱਚ ਵੀ ਮੌਕੇ ਘੱਟ ਹੋਣ ਕਾਰਨ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਵੱਧਦੀ ਗਿਣਤੀ  ਨੇ ਰੋਸ ਭਰੇ ਹਾਲਾਤ ਪੈਦਾ ਕੀਤੇ ਹਨਹੁਣ ਨੌਕਰੀਆਂ ਲੈਣ ਦੀ ਜਦੋ-ਜਹਿਦ ਵਿੱਚ ਜਦੋਂ ਉਹ ਕਿਸੇ ਮੰਤਰੀ ਦੇ ਘਰ ਜਾਂ ਸਰਕਾਰੀ ਦਫ਼ਤਰ ਮੁਹਰੇ ਧਰਨੇ ਦੇਂਦੇ ਜਾਂ ਰੋਸ-ਮੁਜ਼ਾਰੇ ਕਰਦੇ ਹਨ ਤਾਂ ਅੱਗਿਓਂ ਟਾਲ ਦਿੱਤੇ ਜਾਂਦੇ ਹਨ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਉੱਪਰ ਪੁਲਸ ਕੋਲੋਂ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ ਪੜ੍ਹੀਆਂ ਲਿਖੀਆਂ ਨੌਜੁਆਨ ਕੁੜੀਆਂ ਨੂੰ ਵੀ ਜੇਲ੍ਹਾਂ ਵਿੱਚ ਡੱਕ ਕੇ ਇਹਨਾਂ ਦੇ ਸੁਪਨਿਆਂ ਨੂੰ ਚੂਰ-ਚੂਰ ਕੀਤਾ ਗਿਆ ਹੈਨੌਜੁਆਨ ਮੁੰਡੇ ਕੁੜੀਆਂ ਦਾ ਵਿਦੇਸ਼ਾਂ ਵੱਲ ਵਹੀਰਾਂ ਘੱਤ ਲੈਣ ਦਾ ਇਹ ਵੱਡੇ ਕਾਰਨਾਂ ਵਿੱਚੋਂ ਇੱਕ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦੇਸ਼ ਦੇ ਰਾਜਨੀਤਿਕ ਅਤੇ ਆਰਥਿਕ ਹਾਲਾਤ ਅੱਜ ਕਿਸੇ ਕੋਲੋਂ ਛੁਪੇ ਨਹੀਂ। ਰਾਜਨੀਤੀ ਵਿੱਚ ਜੋ ਅੰਨ੍ਹੀ ਅੱਜ ਪਈ ਹੋਈ ਹੈ ਉਹ ਕਿਸੇ ਵਾਕਫ਼ੀ ਦੀ ਮੁਥਾਜ ਨਹੀਂ ਹਰ ਪਾਸੇ ਜੰਗਲ ਦੇ ਰਾਜ ਦਾ ਵਰਤਾਰਾ ਹੈ। ਨੇਤਾ ਲੋਕ ਕਿਵੇਂ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਿਆਂ ਲੋਕਾਂ ਸਾਹਮਣੇ ਇੱਕ ਦੂਸਰੇ ਦੀ ਖੇਹ ਤਾਂ ਉਡਾਉਂਦੇ ਹਨ, ਪਰ ਰਾਤ ਪੈਣ ‘ਤੇ ਉਹ ਇੱਕ ਹੀ ਟੇਬਲ ‘ਤੇ ਬੈਠ ਕੇ ਉਡਾਈ ਇਸ ਕੁੱਕੜ-ਖੇਹ ਦਾ ਹਿਸਾਬ-ਕਿਤਾਬ ਕਰਦੇ ਹਨ। ਲੋਕ-ਰਾਇ ਨੂੰ ਤਾਰ-ਤਾਰ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਵਿਉਂਤਾਂ ਘੜਦੇ ਹਨ। ਰਤਨ ਟਾਹਲਵੀ ਆਪਣੀ ਕਵਿਤਾ ‘ਪੱਗ ਵੱਟ ਯਾਰ’ ਵਿਚ ਵਿਅੰਗਮਈ ਢੰਗ ਨਾਲ ਇਸ ਦਾ ਇੱਕ ਦ੍ਰਿਸ਼ ਇਉਂ ਚਿੱਤਰਦੇ ਹਨ

-ਤੂੰ ਵੀਂ ਚੋਰ ਤੇ ਮੈਂ ਵੀ ਚੋਰ,
ਫਿਰ ਯਾਰਾ ਇਹ ਕਾਹਦਾ ਸ਼ੋਰ 
ਤੂੰ ਵੀਂ ਆਪਣਾ ਪੁੱਤ ਸਮਝਾ ਲੈ
ਮੈਂ ਵੀਂ ਆਪਣਾ ਪੁੱਤ ਸਮਝਾਨਾਂ।
ਦੋਸਤਾਨਾ, ਇਹ ਨਿੰਦਿਆ ਚੁਗ਼ਲੀ                 
ਦੋਸਤਾਨਾ, ਇਹ ਨਿੰਦਿਆ ਚੁਗ਼ਲੀ
ਨਿੱਤ ਨਿੱਤ ਊਂ ਤਾਂ ਆਪਾਂ ਕਰੀ ਹੀ ਜਾਈਏ। 
ਅਖ਼ਬਾਰਾਂ ਵਿਚ ਬਿਆਨ ਦੁਆ ਕੇ
ਅਖ਼ਬਾਰਾਂ ਖੁਸ਼ ਕਰਦੇ ਜਾਈਏ।

ਇਸ ਸਬੰਧ ਵਿਚ ਉਹਨਾਂ ਦੀ ਕਲਪਨਾ ਦਾ ਫੈਲਾਅ ਕਿਤੇ ਨਾ ਕਿਤੇ ਪੰਜਾਬੀ ਦੀ ਇੱਕ ਪ੍ਰਸਿੱਧ ਅਖਾਣ ‘ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ਼ ਨਾ ਬੁਖ਼ਾਰੇ’ ਦੀ ਪ੍ਰੋੜਤਾ ਕਰਦਾ ਹੈ। ਇਸ ਲਈ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੀ ਹੋਈ ਅਜੋਕੀ ਨੌਜੁਆਨ ਪੀੜ੍ਹੀ ਨੂੰ ਆਪਣੀ ਹੀ ਧਰਤੀ ‘ਤੇ ਰਹਿੰਦਿਆਂ, ਸੰਘਰਸ਼ ਕਰਕੇ ਖੋਰਾ ਲੱਗੇ ਇਸ ਪੂਰੇ ਦੇ ਪੂਰੇ ਸਿਸਟਮ ਨੂੰ ਬਦਲਣ ਅਤੇ ਹੰਭਲਾ ਮਾਰ ਕੇ ਗਰੀਬੀ ਅਤੇ ਅਮੀਰੀ ਦਾ ਪਾੜਾ ਮੇਟਣ ਲਈ ਪ੍ਰੇਰਦਿਆਂ ਲਿਖਦੇ ਹਨ                                                                                                                                                      
 -ਮੋੜ ਦਿਉ ਰੁਖ਼, ਵਖ਼ਤ ਹਵਾ ਦਾ, ਮੋੜ ਦਿਓ,
                                                                                         
ਬੁੱਸਿਆ-ਬੁੱਸਿਆ ਸਿਸਟਮ ਹੁਣ ਤਾਂ ਤੋੜ ਦਿਓ। 
                                                                                            
ਸਦੀਆਂ ਤੋਂ ਵੱਖ ਰਹਿੰਦੇ ਆਏ ਜਹਿੜੇ ਨੇ, 
                                                                                 
ਝੌਪੜ ਪੱਟੀ, ਮਹਿਲ ਮੁਨਾਰੇ ਜੋੜ ਦਿਓ।  

ਉਹਨਾਂ ਦੇ ਗੀਤ ਨਾਮਵਰ ਗਾਇਕਾਂ ਜਿਵੇਂ ਸਰਬਜੀਤ ਕੋਕੇ ਵਾਲੀ, ਮਦਨ ਮੱਦੀ, ਸੁੱਖੀ ਬਰਾੜ, ਕਮਲਜੀਤ ਨੀਰੂ, ਅਸਲਮ ਟਾਹਲੀ, ਬਲਵੀਰ ਭੱਲੀ, ਮੰਗਤ ਟਾਹਲੀ ਅਤੇ ਹੋਰ ਕਈ ਗਾਇਕਾਂ ਨੇ ਗਾਏ ਅਤੇ ਉਹ ਹਿੱਟ ਵੀ ਹੋਏ ‘ਕਦੇ ਤਾਂ ਹੱਸ ਬੋਲ ਵੇ’ ਮਸ਼ਹੂਰ ਗੀਤ ਦੇ ਗਾਇਕ ਸ਼੍ਰੀ ਮਦਨ ਮੱਦੀ ਹੁਰਾਂ ਦੁਆਰਾ ਗਾਇਆ ਇੱਕ ਗੀਤ ਜਿਸ ਦੇ ਬੋਲ

-ਮੈਂ ਹਾਲ ਉਹਨਾਂ ਦਾ ਪੁੱਛ ਬੈਠਾ,
ਚੁੱਪ ਕਰਕੇ ਕੋਲੋਂ ਲੰਘ ਗਏ ਨੇ,
ਮੇਰੀ ਸੋਚਾਂ ਦੇ ਵਿੱਚ ਰਾਤ ਗਈ
ਖੌਰੇ ਰੁੱਸ ਗਏ ਨੇ ਖੌਰੇ ਸੰਗ ਗਏ ਨੇ।

ਹਨ। ਇਸ ਗਾਣੇ ਨੂੰ ਯੂ-ਟਿਊਬ ‘ਤੇ ਵੀ ਸੁਣਿਆ ਜਾ ਸਕਦਾ ਹੈ। ਪੰਜਾਬੀ ਸੱਭਿਆਚਾਰ ਦੇ ਰੂ-ਬ-ਰੂ ਕਰਾਉਂਦੇ ਕਈ ਹੋਰ ਗੀਤ ਉਹਨਾਂ ਦੁਆਰਾ ਲਿਖੇ ਗਏ ਹਨ ਜਿੰਨ੍ਹਾਂ ਨੂੰ ਉਡੀਕ ਹੈ ਇੱਕ ਆਵਾਜ਼ ਦੀ। ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੇ ਲਿਖੇ ਗੀਤ, ਸੰਗੀਤ ਸਮਰਾਟ ਚਰਨਜੀਤ ਆਹੂਜਾ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਸੰਗੀਤ ਵਿਚ ਰਿਕਾਰਡ ਹੋਣ ਆਓ, ਦੂਆ ਕਰੀਏ ਕਿ ਰਤਨ ਟਾਹਲਵੀ ਸੱਭਿਆਚਾਰਕ ਸ਼ਾਇਰੀ ਦੇ ਆਸਮਾਨ ਦਾ ਸਿਤਾਰਾ ਬਣ ਕੇ ਹਮੇਸ਼ਾ ਹੀ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣ।ਭੁਪਿੰਦਰ ਨਿਊਯਾਰਕ।

No comments:

Post a Comment