Saturday, April 18, 2015

ਹਾਸ-ਵਿਅੰਗ


‘ਕਾਮਨ ਸੈਂਸਾਂ’ ਨੇ ਕੀ ਸੌਰਨਾਂ!

ਖੁਸ਼ਖ਼ਬਰੀ! ....ਖੁਸ਼ਖ਼ਬਰੀ!
ਕਿਸਾਨ ਵੀਰਾਂ ਲਈ ਦਿਵਾਲੀ ਦਾ ਤੋਹਫ਼ਾ,
ਡੀ.ਡੀ ਬੰਬ! ਆ ਗਿਆ...ਆ ਗਿਆ...!  
ਕਿਸਾਨ ਵੀਰੋ! ਕਾਮਨ ਸੈਂਸ ਦਾ
ਇਸਤੇਮਾਲ ਕਰੋ  ਤੇ ਪਾਓ ਆਪਣੀ ਫ਼ਸਲ ਦਾ ਵੱਧ ਝਾੜ!”                                                                                                                          
ਅਖ਼ਬਾਰ ਵਿਚ ਛਪੀ ਇਸ ਮਸ਼ਹੂਰੀ ਵਿਚਲੇ ਡੀ.ਡੀ ਬੰਬ ਵੱਲ ਸੱਥ ਵਾਲਿਆਂ ਧਿਆਨ ਤਾਂ ਕੀ ਜਾਣਾ ਸੀ, ਉਲਟਾ ਇਸ ਵਿਚਲੇ ‘ਕਾਮਨ ਸੈਂਸ ਨੇ ਆਪਣਾ ਹੀ ਗਧੀ ਗੇੜ ਘੁਮਾ ਲਿਆ ਗੱਲ ਲੱਖੇ ਹੁਰਾਂ ਦੇ ਭੰਦੇ ਤੋਂ ਸ਼ੁਰੂ ਹੋਈਉਸਨੂੰ ਅਖ਼ਬਾਰ ਵਿਚ ਛਪੀਆਂ ਖ਼ਬਰਾਂ ਘੱਟ ਪਰ ਮਸ਼ਹੂਰੀਆਂ ਪੜ੍ਹਨ ਦਾ ਬੜਾ ਸ਼ੌਕ ਸੀਰੱਬ ਜਾਣੇ, ਕੀ ਲੱਭਦਾ ਹੋਊ ਉਸਨੂੰ ਇਹਨਾਂ ‘ਚੋਂ। ਖੈਰ, ਮਸ਼ਹੂਰੀ ਵਿਚ ਲਿਖੇ ਡੀ.ਡੀ ਬੰਬ ਨੂੰ ਤਾਂ ਉਹ ਆਪਣੇ ਹਲਖ ਵਿਚ ਹੀ ਦੱਬ ਗਿਆ, ਪਰ ‘ਕਾਮਨ ਸੈਂਸ’ ਨੂੰ ਉਸਨੇ ‘ਕੱਚੇ ਲਾਹ ਲਿਆ’ ਇਹ ਕਾਮਨ ਸੈਂਸ ਕੀ ਹੋ ਸਕਦਾ ਸਹੁਰੀ ਦਾ? ਸੋਚਦਾ ਸੋਚਦਾ ਉਹ ਸੋਚਾਂ ਵਾਲੇ ਫ਼ਲੈਸ਼ ਬੈਕ ਵਿਚ ਵੀ ਜਾ ਕੇ ਵੇਖ ਆਇਆ, ਪਰ ਗੱਲ ਨਾ ਬਣੀ। ਅਖ਼ਬਾਰ ਨੂੰ ਉਲਟ ਕੇ ਉਸ ਜੀ ਭਿਆਣੇ ਨੇ ਕੋਲ ਬੈਠੇ ਬੂੜ ਸਿਓਂ ਨੂੰ ਪੁੱਛ ਹੀ ਲਿਆ, ਭਾਈਆ! ਬੂੜ ਸਿਆਂ, ਆਹਾ ‘ਕਾਮਨ ਸੈਂਸ’ ਕੀ ਹੁੰਦਾ ਭਲਾ? ਪਹਿਲਾਂ ਕਦੀ ਨਈਂ ਸੁਣਿਆਂ ਸਹੁਰੀ ਦਾ ਕਹਿੰਦੇ ਇਹਦੇ ਨਾਲ ਝਾੜ ਵੱਧ ਜਾਂਦਾ ਫ਼ਸਲ ਦਾ।  


“ਕਾਮਨ ਸੈਂਸ...ਆਹਾ ਆਪਣਾ...ਯਾਰ! ...ਲੈ! ਨਾਂ ਨ੍ਹੀ ਆਉਂਦਾ....ਆਹਾ ਯਾਰ?....ਪੂਰਾ ਪੜ੍ਹ ਤਾਂ ਭਲਾਂ ਮੁੜਕੇ, ਜੋ ਲਿਖਿਆ ਵਿਚ!” ਬੂੜ ਸਿਓਂ ਨੇ ਸ਼ੰਕੇ ਨਾਲ ਰਤਾ ਜੁਗਿਆਸੂ ਹੁੰਦਿਆਂ ਅੱਗਿਓਂ ਸਵਾਲ ਕੀਤਾ

ਲੈ ਬਈ ਭਾਈਆ ਸਿਆਂ! ਗੱਲ ਏਦਾਂ ਲਿਖੀ ਆ....ਖੁਸ਼ਖਬਰੀ! ਖੁਸ਼ਖਬਰੀ!.....ਵੱਧ ਝਾੜ!”  

“ਨਾ ਚੱਜ ਨਾਲ ਸਿੰਞੀ, ਨਾ ਦਾਅ ਨਾਲ ਵਾਹੀ...ਤੇ ਕਿ ਕਰੂ ਸਹੁਰੀ ਦੀ ਦਵਾਈ!...ਹੈਂਅ?” ਭੰਦੇ ਨੇ ਉਚੀ ਦੇਣੀ ਜਦ ਮਸ਼ਹੂਰੀ ਦੁਬਾਰਾ ਪੜ੍ਹ ਕੇ ਸੁਣਾਈ ਤਾਂ ਕੋਲ ਬੈਠੇ ਹਿੱਲਿਆਂ ਦੇ ਬੁੜ੍ਹੇ ਨੇ ਅਖ਼ਬਾਰ ਦੇ ਦੂਸਰੇ ਪੰਨੇ ਨੂੰ ਛਣਕਾ ਕੇ ਇਸਦੀ ਕੜਕੜ ਕਢਾਉਂਦਿਆਂ ਇਕ ਕਹਾਵਤ ਪਾ ਕੇ ਗੱਲ ਨੂੰ ਹੋਰ ਭਖਾ ਦਿੱਤਾ  

“ਇਹ ਫਸਲ ਨੂੰ ਪਾਉਣ ਜਾਂ ਫੇਰ ਛਿੜਕਣ ਵਾਲੀ ਦਵਾ ਜਾਂ ਫੇਰ ਕਿਸੇ ਖਾਦ-ਖੂਦ ਦਾ ਨਾਂ ਹੋਊ, ਜਿਹੜੀ ਝਾੜ ਵਧਾ ਦੇਂਦੀ ਆ। ਹੈਂਅ ਕਿ ਨਾ?...ਇਹ ਸਹੂਰੀਆਂ ਨਵੇਂ ਸਮਿਆਂ ਦੀਆਂ ਖੇਡਾਂ ਇਆਂ...ਭਲਿਆ ਲੋਕਾਉਹ ਆਂਹਦੇ ਹੁੰਦੇ ਆ ਨਾ ਖੇਤੀ, ਖਸਮਾਂ ਸੇਤੀਖੇਤੀ ਖਸਮ ਦੇ ਸਿਰ ‘ਤੇ ਹੁੰਦੀ ਆ, ਨਾ ਕਿ ਇਹਨਾਂ ਮਾਰੂ ਦਵਾਈਆਂ ਆਸਰੇ। ਖਸਮ ਤੋਂ ਬਿਨਾਂ  ਤਾਂ ਖੇਤ ‘ਚ ਬੀਆ-ਵਾਣ ਈ ਉੱਗੂਤੇ ਖੇਤਾਂ ਦੇ ਖਸਮ, ਆਹਾ ਕੱਖੋਂ ਹੌਲੇ ਅੱਜ ਦੇ ਗੱਭਰੂ ਦੇਖਲੇ! ਕੀ ਕਰੀ ਜਾਂਦੇ ਆ? ਨਸ਼ਿਆਂ ‘ਚ ਪੈ ਗਏ, ਕੀ ਆਹਾ ਸਹੁਰੀ ਦੀਆਂ ਗੋਲੀਆਂ ਖਾਈ ਜਾਂਦੇ ਤੇ ਟੀਕੇ ਲਾਈ ਜਾਂਦੇ ਆਕਹਿੰਦੇ, ਰਤਾ ਬੁਖਾਰ ਸੀ। ਅਖੇ, ਕੀ ਡਾਕਟਰਾਂ ਦੇ ਘਰ ਭਰਨੇ ਆਂ? ਆਪੇ ਠੀਕ ਹੋਜਾਂਗੇ। ਹੁਣ ਤਾਂ ਬਾਰਾਂ-ਬਾਰਾਂ ਸਾਲਾਂ ਦੇ ਛੋਹਰ ਵੀ ਆਹਾ, ਕੀ ਕਹਿੰਦੇ ਓਹਨੂੰ...ਸਮੇਕ...ਖਾਣ ਲੱਗਗੇ। ਕਾਹਨੇ ਵਰਗੇ ਪਤਲੇ ਸ਼ਰੀਰਾਂ ਨਾਲ ਇਹਨਾਂ ਕੀ ਕਮਾਈਆਂ ਕਰਨੀਆਂ? ਸਹੁਰੀ ਦਿਆਂ ਕੋਲੋਂ ਤੂੜੀ ਦਾ ਭਰਿਆ ਇਕ ਟੋਕਰਾ ਨਈਂ ਚੱਕਿਆ ਜਾਂਦਾ, ਦਾਅ ਨਾਲਵਾਹੀਆਂ ਇਹ ਸੁਆਹ ਕਰਨਗੇ? ਬੂੜ ਸਿਓਂ ਨੇ ਹਿੱਲਿਆਂ ਦੇ ਬੁੜ੍ਹੇ ਦੀ ਗੱਲ ਨੂੰ ਦੋਹਰ ਪਾਉਂਦਿਆਂ ਆਖਿਆ

“ਓ ਤੁਹਾਡੀ ਮੈਂ..!” ਅਚਾਨਕ ਥੜ੍ਹੇ ਦੇ ਇਕ ਪਾਸੇ ਪੈਰਾਂ ਭਾਰ ਬੈਠੇ ਝਾਉਲੇ ਅਮਲੀ ਦੀ ਝੋਕ ਲੱਗ ਜਾਣ ਕਰਕੇ ਉਹ ਧੌਣ ਭਰਨੇ ਥੜ੍ਹੇ ਤੋਂ ਹੇਠਾਂ ਡਿੱਗ ਪਿਆ।

“ਔਹ ਲੈ! ...ਓ ਝੌਲਿਆ! ਤੂੰ ਤਾਂ ਸਾਰਾ ਈ ਸੁੱਟ ਲਿਆ ਆਪਣੇ ਆਪ ਨੂੰ ਭੁੰਜੇ” ਵਾਧੂ ਟਿੱਚਰੀ ਨੇ ਭੱਜ ਕੇ ਉਸ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰਦਿਆਂ ਆਖਿਆ ਤਾਂ ਸਾਰੇ ਖਿੜ-ਖਿੜਾ ਕੇ ਹੱਸਣ ਲੱਗੇ।

“ਓਏ ਮੇਰੇ ਸਾਲੇ ਦੇ, ਕੀਹਨੇ ਧੱਕਾ ਦਿੱਤਾ ਮਇਨੂੰ?...ਯਾਦ ਰੱਖਿਓ। ਤੁਹੀਂ ਮਇਨੂੰ ਨਈਂ, ਪੂਰੇ ਪੰਜਾਬ ਨੂੰ ਦਿੱਤਾ ਏਹ ਧੱਕਾ!...ਮੇਰੇ ਸਾਲੇ ਦਿਓ!ਝਾਉਲਾ ਅਮਲੀ ਉਠ ਕੇ ਪੱਗੜੀ ਸੰਭਾਲਦਿਆਂ ਗੁੱਸੇ ਨਾਲ ਬੋਲਿਆ।

“ਝੌਲਿਆ! ਐਵੇਂ ਵਹਿਮ ਨਾ ਕਰਿਆ ਕਰ। ਕਿਸੇ ਨਹੀਂ ਦਿੱਤਾ ਧੱਕਾ ਤੈਨੂੰ, ਘੂ.....ਕ ਸੁੱਤੇ ਨੂੰ ਕੋਠੇ ਦੇ ਬਨੇਰੇ ‘ਤੇ ਬਹਿ ਕੇ ਝੂਲਣ ਡਿਹਾ ਸਾਂ, ਭੁੰਜੇ ਨਹੀਂ ਡਿਗਣਾ ਸੀ ਤੇ ਹੋਰ ਕੀ ਹੋਣਾ ਸੀ” ਬੂੜ ਸਿਓਂ, ਝੌਲੇ ਅਮਲੀ ਨੂੰ ਹਲਕਾ ਜਿਹਾ ਤਾੜਦਿਆਂ ਬੋਲਿਆ।  

“ਚਾਚਾ! ਖੰਬੇ ਆਙੂ ਖਿੱਚਾਂ ਪਾ ਕੇ ਬੈਠਿਆ ਕਰ, ਆਪਦੇ ਗਾਡਰ ਵਰਗੇ ਸਰੀਰ ਨੂੰ! ਨਹੀਂ ਤਾਂ ਕਿਸੇ ਹੋਰ ਨੂੰ ਵੀ ਲੈ ਬਹੇਂਗਾ ਨਾਲ ਕਿਸੇ ਦਿਨ” ਵਾਧੂ ਟਿੱਚਰੀ ਹੱਸ ਕੇ ਬੋਲਿਆ।

“ਦੱਭ ਕੇ ਵਾਹ...ਤੇ ਰੱਜ ਕੇ ਖਾਹ!..ਹੱਥੀਂ ਵਣਜ, ਸੁਨੇਹੀਂ ਖੇਤੀ, ਕਦੇ ਨਾ ਹੋਣ ਬੱਤੀਆਂ ਤੋਂ ਤੇਤੀਰੰਨ ਬਣਦੀ ਖਸਮ ਨੂੰ ਖਾ ਕੇ, ਟਰੈਕਟਰ ਬਣਦਾ ਈ ਦੱਭ ਕੇ ਵਾਹ ਕੇ।” ਹਿੱਲਿਆਂ ਦੇ ਬੁੜ੍ਹੇ ਨੇ ਅਖ਼ਬਾਰ ਦੀ ਫਿਰ ਕੜਕੜ ਕਢਾਉਂਦਿਆਂ ਉਘੜ-ਦੁੱਘੜ ਪਰ ਤਰਜ਼ਮਈ ਕਹਾਵਤਾਂ ਨਾਲ ਸਾਰੀ ਦੀ ਸਾਰੀ ਢਾਣੀ ਓਪਰ ਜਿਵੇਂ ਛਾਓਰਾ ਜਿਹਾ ਹੀ ਕਰ ਦਿੱਤਾ

“ਭਾਊ! ਹੁਣ ਦੱਭ ਕੇ ਨਹੀਂ, ਅਕਲ ਨਾਲ ਵਾਹੁਣ ਦਾ ਜਮਾਨਾ ਇਆਂ। ਅਕਲ ਨਾਲ ਵਾਹ ਤੇ ਰੱਜ ਕੇ ਖਾਹ। ਗੱਲ ਤਾਂ ਬਣਦੀ ਆ। ਨਾਲੇ ਪਹਿਲੇ ਵੇਲਿਆਂ ‘ਚ ਕਿਹੜਾ ਸਹੁਰੀਆਂ ਆਹਾ...ਕਾਮਨ ਸੈਂਸਾਂ....ਹੁੰਦੀਆਂ ਸੀ। ਉਨ੍ਹਾਂ ਸਮਿਆਂ ਦੀਆਂ ਗੱਲਾਂ ਈ ਕੁਝ ਹੋਰ ਸਨ ਝੋਨਿਆਂ ‘ਚੋਂ ਹੱਥੀਂ ਕੱਖ-ਤਾਲ਼ ਕੱਢਣਾ, ਸਿਖ਼ਰ ਦੁਪਿਹਰੇ ਤੇ ਉਹ ਵੀ ਨੰਗੇ ਪਿੰਡੇ ਨਾਲੇ ਮਿੱਟੀ ਨਾਲ ਮਿੱਟੀ ਹੋਏ ਰਹਿਣਾ ਸਾਰਾ ਦਿਨ, ਨਾਲ ਈ ਡੰਗਰਾਂ ਦੀ ਵੀ ਜਾਨ ਮਾਰ ਛੱਡਣੀ!.....ਫ਼ਸਲ ਨੂੰ ਪੁੱਤਾਂ ਆਙੂ ਪਾਲਣਾ। ਤੇ ਫੇਰ ਜਵਾਨ ਹੋਈਆਂ ਲਹਿ-ਲਹਾਉਂਦੀਆਂ ਨੂੰ ਦੇਖ ਕੇ ਰੂਹ ਖਿੜ ਉੱਠਣੀਓਦੂੰ ਬਾਦ ਆਉਣਾ ਵਾਢੀਆਂ ਦਾ ਵੇਲਾ। ਰੇਸਾਂ ਲਗਦੀਆਂ ਹੁੰਦੀਆਂ ਸੀ ਭਾਊ, ਰੇਸਾਂ! ਵਾਢੀ ਕਰਨ ਦੇ ਮੁਕਾਬਲੇ ਹੁੰਦੇ ਹੁੰਦੇ ਸੀ। ਪਿੰਡੇ ਲੂਹਣੀਆਂ ਧੁੱਪਾਂ ਵਿਚ ਦਾਤਰੀ, ਤਲਵਾਰ ਆਙੂ ਫਿਰਨੀ...ਕੜਚ-ਕੜਚ। ਸੀਰੀਂ ਭਾਵੇਂ ਨਾਲ ਈ ਹੁੰਦਾ ਸੀ ਮਦਤ ਨੂੰ...ਪਰ ਉਹ ਵੇਲੇ ਬੱਸ!” ਬੂੜ ਸਿਓਂ ਸਾਰੀ ਢਾਣੀ ਨੂੰ ਪਹਿਲੇ ਵੇਲਿਆਂ ਵਾਲੀ ਫ਼ਲੈਸ਼ ਬੈਕ ਵਿਚ ਲੈ ਤੁਰਿਆ।

“ਜ਼ਿਲਾ ਬਠਿੰਡੇ ਵਿਚ ਸਾਡੇ ਇੱਕੀ ਹਜ਼ਾਰ ਤੋਂ ਵੀ ਵੱਧ ਕਿਸਾਨ ਡਿਫ਼ਾਲਟਰ ਘੋਸ਼ਿਤ” ਵਾਧੂ ਟਿੱਚਰੀ ਨੇ ਵਰਕਾ ਉਥੱਲਦਿਆਂ ਅਗਲੀ ਖ਼ਬਰ ਪੜ੍ਹੀ।  

“ਹੁਣ ਤਾਂ ਕੰਪੈਨਾਂ ਚੱਲ ਪਈਆਂ। ਨੱਠ-ਭੱਜ ਕੇ ਠਹੀਆ-ਠੱਪਾ ਕਰ ਛੱਡਦੀਆਂ, ਮਿੰਟਾਂ ‘ਚ। ਉਦੋਂ ਡੌਲਿਆਂ ‘ਚ ਜਾਨ ਹੁੰਦੀ ਸੀ। ਮਾਰ, ਦੁੱਧ-ਘਿਓ ਖਾਣੇ ਤੇ ਲੱਸੀ ਦੇ ਛੰਨਿਆਂ ਦੇ ਛੰਨੇ ਪੀ ਜਾਣੇ!...ਤੇ ਅੱਜਕਲ ਜੁਆਕਾਂ ਨੂੰ ਚਮਚਾ ਘਿਓ ਦਾ ਨ੍ਹੀਂ ਪਚਦਾ। ਹਾਜ਼ਮਾ ਪਤਲਾ ਕਰ ਛੱਡਦਾ। ਉਹ ਕਹਾਣੀ ਈ ਖਤਮ ਇਆਂਸ਼ਰਾਬਾਂ ਤੇ ਨਸ਼ੇ ਰਹਿ ਗਏ, ਜਾਂ ਫੇਰ ਆਹਾ ਕਾਮਨ ਸੈਂਸਾਂ ਰਹਿ ਗਈਆਂ, ਬੱਸ। ” ਬੂੜ ਸਿਓਂ ਰਤਾ ਗੰਭੀਰ ਹੋਇਆ ਫ਼ਲੈਸ਼ ਬੈਕ ‘ਚੋਂ ਬਾਹਰ ਆਉਣ ਲੱਗਾ

“ਵਾਕਿਆ ਈ ਭਾਈਆ, ਇਹਨਾਂ ਕਾਮਨ ਸੈਂਸਾਂ ਨੇ ਕੀ ਖੋਹਣ ਖੋਣ੍ਹਾ, ਜਦ ਬੰਦਾ ਹੱਥੀਂ ਕੰਮ ਈ ਨਾ ਕਰੂ। ਨਵਾਬਾਂ ਆਙੂ ਚਿੱਟੇ ਲੀੜੇ ਪਾ ਕੇ ਵੱਟ ਤੇ ਖਲੋ ਜਾਣਾ ਤੇ ਕਾਮਿਆਂ ਨੂੰ ਆਡਰ ਮਾਰੀ ਜਾਣੇ...ਚੱਲ ਓਏ ਤੂੰ ਆਹ ਕਰਲਾ!..ਚੱਲ ਫਲਾਣਿਆਂ ਤੂੰ ਔਹ ਕਰਲਾ!..ਮੈਂ ਤੈਨੂੰ ਦੱਸਾਂ ਬਈ, ਇਹ ਮਾਰੂ ਦਵਾਈਆਂ..ਨਿਰ੍ਹਾ ਜ਼ਹਿਰ ਇਆ..ਜ਼ਹਿਰ!..ਕਹਿੰਦੇ ਆ ਇਹ ਦਵਾਈਆਂ ਪਰਮਾਣੂ ਬੰਬ ਵਾਙ ਹੁੰਦੀਆਂ। ਕਿਸੇ ਦਿਨ ਨੂੰ ਇਹ ਆਪਣੇ ਆਉਣ ਆਲੇ ਜੁਆਕਾਂ ‘ਤੇ ਬਹੁਤ ਭੈੜਾ ਅਸਰ ਕਰਨਗੀਆਂ। ਨਾਲੇ ਜੁਆਕ ਤਾਂ ਪਹਿਲਾਂ ਈ ਖੁਰੇ ਪਏ ਆ। ਦੂਰ ਕੀ ਜਾਣਾ, ਆਹਾ ਆਪਣੇ ਲੰਬੜਾਂ ਦਾ ਭੀਤਾ ਈ ਵੇਖਲਾ, ਟਰੇਕਟਰ ਨੂੰ ਬਰੇਕ ਵੀ ਖੜਾ ਹੋ ਕੇ ਮਾਰੂ। ਸਹੁਰੀ ਦਾ ਆਂਹਦਾ ਬਰੇਕ ਭਾਰੀ ਆ। ਬੈਠ ਕੇ ਵੱਜਦੀ ਨਈਂ ਦਾਅ ਨਾਲ।” ਭੰਦਾ ਬੋਲਿਆ।

“ਆਹੋ! ਇਹੀਓ ਗੱਲ ਕਰਦਾਂ ਭਾਈ, ਮੁਲਕ ਦੀ ਜਵਾਨੀ ਖੁਰਗੀ। ਕੁਝ ਆਹਾ ਭੇੜੀਆਂ ਖਾਦਾਂ ਮਾਰਗੀਆਂ। ਜਿੱਦ-ਬ-ਜਿੱਦੀ ਬੋਰਿਆਂ ਦੇ ਬੋਰੇ ਮਾਰ ਦੇਈ ਦੇ ਆ। ਅਖੇ, ਨਾਲਦਿਆਂ ਨੇ ਝੋਨੇ ‘ਚ ਦੋ ਬੋਰੇ ਮਾਰੇ, ਮੈਂ ਚਾਰ ਸਿਟੂੰ ! ਵੇਖਦਾਂ ਭਲਾ ਗੱਲ ਕਿੱਦਾਂ ਨ੍ਹੀਂ ਬਣਦੀ। ਤੇ ਉਤੋਂ ਆਹਾ, ਕਾੱਮਨ ਸੈਂਸਾਂ। ਹਰ ਸੀਜ਼ਨ ‘ਤੇ ਬਾਣੀਏ ਹੱਥ ਰੰਗ ਲੈਂਦੇ ਆ, ਬੈਠੇ-ਬਿਠਾਏ। ਨਾ ਹਿੰਗ ਲੱਗੇ, ਨਾ ਫਟਕੜੀ

“ਕੇਂਦਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿਚ ਪੰਜਾਹ ਰੁਪਏ ਦਾ ਵਾਧਾ।” ਵਾਧੂ ਟਿੱਚਰੀ ਨੇ ਅਖ਼ਬਾਰ ਫਿਰ ਛਿੜਕੀ।

“ਆਹੋ! ਹੁਣ ਚੌਦਾਂ ਸੌ ਪੰਜਾਹਾਂ ਨੂੰ ਈ ਵਿਕੂ। ਕੀ ਫਰਕ ਪਾਇਆ? ਕਿਹੜਾ ਪਹਾੜ ਢਾਹ ‘ਤਾ? ਅਸੀਂ ਤਾਂ ਫਿਰ ਕਰਜ਼ਾਈ ਦੇ ਕਰਜ਼ਾਈ ਈ ਰਹਿਣਾ। ਸਾਡੇ ਪੱਲੇ ਤਾਂ ਟਿੱਚਰੀਆ, ਧੱਕੇ-ਧੋੜੇ ਐ। ਅਖੇ, ਖਾਣ-ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ। ਸਰਕਾਰਾਂ ਸਾਡੇ ਕਿਰਸਾਨ ਲੋਕਾਂ ਨੂੰ ਸੱਤਵੇਂ ਆਸਮਾਨ ‘ਤੋਂ ਵੇਖਦੀਆਂ ਬਹਿ ਕੇ। ਜੇ ਪੰਜਾਹਾਂ ਰੁਪਈਆਂ ਨਾਲ ਮੁੰਹ ਪੂੰਝਿਆ ਵੀ ਐ ਤਾਂ ਮਹਿੰਗਾਈ ਵੀ ਤਾਂ ਵੱਧਗੀ ਨਾਲ ਈ..ਓਨ੍ਹੀਂ

“ਆਹੋ ਗੱਲ ਸੋਲਾਂ ਆਨੇ ਸਹੀ ਐ। ਜੇ ਏਧਰੋਂ ਵਧਾਏ ਐ, ਤੇ ਦੂਜੇ ਪਾਸੇ ਕੱਢ ਲੈਣਗੇ। ਹੁਣ ਤੂੰ ਦੇਖ! ਹਰ ਪਾਸੇ ਦੀ ਮਹਿੰਗਾਈ ਦੇ ਨਾਲ-ਨਾਲ ਘਰਾਂ ਦੀ ਬੱਤੀ ਦੇ ਬਿੱਲ ਵੀ ਕਿਨੇ ਗੁਣਾਂ ਵਧਾ ‘ਤੇ। ਪਹਿਲਾਂ, ਦੋਹੀਂ ਮਹੀਨੀਂ ਕਿੱਥੇ ਹਜ਼ਾਰ-ਪੰਦਰਾਂ ਸੌ ਆਉਂਦਾ ਹੁੰਦਾ ਸੀ ਤੇ ਹੁਣ ਵੇਖਲੇ ਚਾਰ-ਪੰਜ ਹਜ਼ਾਰ ਤੋਂ ਘੱਟ ਨਹੀਂ ਆਉਂਦਾ।” ਨਾਲ ਬੈਠੇ ਪਿੜ੍ਹੀ ਨੇ ਹੁੰਗਾਰਾ ਭਰਿਆ। 

“ਔਹ ਵੇਖ! ਘੁਮਿਆਰਾਂ ਦਾ ਟੋਲੀ ਜਾਂਦਾ ਭਾਈਆ! ਜਿੱਦਾਂ ਇਹਦੀ ਟੋਕਰੀ ਗੋਭੀ ਦੇ ਫੁੱਲਾਂ ਨਾਲ ਭਰੀ ਐ ਨਾ ਹੁਣ, ਸਬਜ਼ੀ ਮੰਡੀਓਂ ਮੁੜਦਿਆਂ ਉਂਝ ਹੀ ਇਹਦੀ ਜੇਬ ਵੀ ਰੁਪਈਆਂ ਨਾਲ ਭਰੀ ਹੋਊ ਵੇਖੀਂ!” ਭੰਦੇ ਨੇ ਘੁਮਿਆਰਾਂ ਦੇ ਟੋਲੀ ਨੂੰ ਸਬਜ਼ੀ ਲੱਦੀ ਸਾਇਕਲ ‘ਤੇ ਜਾਂਦਿਆਂ ਵੇਖ ਕੇ ਟਿੱਪਣੀ ਕੀਤੀ    

“ਆਹੋ ਭੰਦਿਆ! ਕਹਿੰਦੇ, ਬਾਰ੍ਹਾਂ ਮਰਲਿਆਂ ਚੋਂ ਬਾਰ੍ਹਾਂ ਕਿੱਲਿਆਂ ਦਾ ਮਾਲ ਕੱਢ ਲੈਂਦਾ ਸਹੁਰੀ ਦਾ।” ਬੂੜ ਸਿਓਂ ਹੱਸਣ ਲੱਗਾ।                     

“ਦਮਾਕ ਤੇ ਮਹਿਨਤ ਦੀਆਂ ਗੱਲਾਂ ਸਾਰੀਆਂ। ਬਿਜੜੇ ਆਙੂ ਲੱਗਾ ਈ ਰਹਿੰਦਾ ਸਾਰਾ ਦਿਨ। ਨਿੱਕੜ-ਸੁੱਕੜ ਦੀਆਂ ਚਾਰ-ਪੰਜ ਫ਼ਸਲਾਂ ਕੱਢ ਲੈਂਦਾ ਇਹ, ਓਨੇ ਕੁ ਹੀ ਥਾਂ ‘ਚੋਂ ਤੇ ਮੈਂ ਇਹਨੂੰ ਬਹੁਤ ਵਾਰੀ ਵੇਖਿਆ, ਸਿਰਫ ਦੇਸੀ ਰੂੜੀ ਵਰਤੂ, ਪੇ ਦਾ ਪੁੱਤ। ਆਹ ਕਾਮਨ ਸੈਂਸਾਂ ਜਾਂ ਹੋਰ ਅੰਗਰੇਜੀ ਖਾਦਾਂ-ਖੂਦਾਂ ਪਾਓਂਦਾ ਕਦੀ ਨਹੀਂ ਵੇਖਿਆ ਇਹਨੂੰ” ਭੰਦਾ ਬੋਲਿਆ।    

“ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਧਰਨਾ ਵਾਧੂ ਟਿੱਚਰੀ ਨੇ ਅਗਲੀ ਖ਼ਬਰ ਪੜ੍ਹੀ 

“ਧਰਨਾ ਕਾਹਦਾ ਟਿੱਚਰੀ?” ਬੂੜ ਸਿਓਂ ਨੇ ਪੁੱਛਿਆ।

“ਧਰਨਾ ਚਾਚਾ....ਆਹਾ ਮੁਆਵਜੇ ਲਈ ਦਿੱਤਾ। ਸਰਕਾਰ ਕੋਲੋਂ ਪੰਜ-ਪੰਜ ਹਜਾਰ ਦੀ ਮੰਗ ਕੀਤੀ ਐ, ਇੱਕ ਏਕੜ ਪਿੱਛੇਕਹਿੰਦੇ ਐ, ਬਾਰਸ਼ਾਂ ਘੱਟ ਹੋਈਆਂ ਤੇ ਡੀਜ਼ਲ ਬੜਾ ਖਰਚ ਹੋਇਆ ਐਤਕੀਂ। ਨਾਲੇ ਕਹਿੰਦੇ ਐ, ਜਿਹੜੇ ਦਰਿਆਵਾਂ ਨੂੰ ਜੋੜਨ ਦਾ ਕੰਮ ਕਰਨ ਡਹੇ ਐ ਨਾ, ਉਹ ਬੰਦ ਕੀਤਾ ਜਾਵੇ.....ਤੇ ਦੂਜਾ ਕੇਂਦਰ ਸਰਕਾਰ ਖੇਤੀ ਦੀ ਵਰਤੋਂ ਵਾਲੀਆਂ ਚੀਜਾਂ ਜਿਵੇਂ ਆਹਾ ਖਾਦਾਂ, ਡੀਜ਼ਲ ਤੇ ਕੀੜੇਮਾਰ ਦਵਾਈਆਂ ਦੇ ਭਾਅ ਆਪਣੇ ਹੱਥ ਵਿੱਚ ਹੀ ਰੱਖੇ ਕਿਸੇ ਦੂਏ ਦੇ ਹੱਥ ਨਾ ਦਵੇ। ਵਾਧੂ ਟਿੱਚਰੀ ਨੇ ਖ਼ਬਰ ਦਾ ਖੁਲਾਸਾ ਕੀਤਾ।

“ਡੀਜ਼ਲ ਤਾਂ ਵਾਕਿਆ ਈ, ਐਤਕੀਂ ਬੜਾ ਲੱਗਾ ਯਾਰਾ! ਬੱਤੀ ਤਾਂ ਐਤਕੀ ਦਿੱਤੀ ਨਹੀਂ, ਕੰਮਬਖਤਾਂ! ਚੌਵੀ ਘੰਟਿਆਂ ਵਿਚ ਵੇਲੇ-ਕੁਵੇਲੇ ਮਸਾਂ ਚਾਰ ਘੰਟੇ। ਸਾਲੀ ਲੁਕਣ-ਮੀਚੀ ਨੂੰ ਨੱਠ-ਭੱਜ ਕਰਕੇ ਸਾਂਭਿਆ ਮਸਾਂਪੂਰੇ ਟੱਬਰ ਨੂੰ ਵਕਤ ਪਾ ਛੱਡਿਆ।” ਬੂੜ ਸਿਓਂ ਬੋਲਿਆ।

“ਸਾਡੀ ਸੂਈ ਵੀ ਤਾਂ ਕਣਕ-ਝੋਨੇ ਤੇ ਅਟਕੀ ਐ, ਚਾਚਾ। ਜਦ ਚੰਗਾ-ਭਲਾ ਪਤਾ ਬਈ ਇਹਨਾਂ ਬੇਇਮਾਨ ਸਰਕਾਰਾਂ ਨੇ ਚੰਗੀ ਖੇਡ ਨਹੀਂ ਖੇਡਣੀ, ਤਾਂ ਸਾਨੂੰ ਤਾਂ ਸੁਰਤ ਕਰਨੀ ਚਾਹੀਦੀ ਐ।” ਵਾਧੂ ਟਿੱਚਰੀ ਬੋਲਿਆ।

“ਉਹ ਕਿੱਦਾਂ?”

“ਬਈ ਤੈਨੂੰ ਤਾਂ ਪਤਾ ਐ ਨਾ ਪਾਣੀ ਡੁੰਘੇ ਹੋ ਚੱਲੇ। ਲੋਕ ਸੱਬਮਰਸੀਵਲ ਬੋਰ ਕਰਾਈ ਜਾਂਦੇ ਐ। ਉਤੋਂ ਬਿਜਲੀ ਆਉਂਦੀ ਨਹੀਂ। ਤੇ ਉਹ ਫ਼ਸਲਾਂ ਬੀਜੋ ਜਿਹੜੀਆਂ ਪਾਣੀ ਘੱਟ ਖਾਂਦੀਆਂ ਹੋਣ ਜਾਂ ਜਿਹਨਾਂ ਨੂੰ ਪਾਣੀ ਦੀ ਲੋੜ ਈ ਨਾ ਹੋਵੇ। ਕਹਿਣ ਤੋਂ ਭਾਵ ਰਵਾਇਤੀ ਫ਼ਸਲਾਂ ਬਦਲ ਲੱਭੋ। ਜਿਵੇਂ ਬਾਹਰਲੇ ਮੁਲਕਾਂ ‘ਚ ਕਰਦੇ ਐ।” ਵਾਧੂ ਟਿੱਚਰੀ ਨੇ ਰਤਾ ਗੰਭੀਰ ਹੋ ਕੇ ਦਲੀਲ ਦਿੱਤੀ।

“ਫੇਰ ਤਾਂ ਟਿੱਚਰੀਆ, ਬੇਰੀਆਂ ਜਾਂ ਮਾਰੂਥਲ ਵਾਲੇ ਓਹੋ ਪੀਹਲੂ ਬੀਜ ਲੈਨੇਂ ਐਂ। ਮੀਂਹ ਜਾਏ, ਝੜੀ ਜਾਏ ਕੋਈ ਪੰਗਾਂ ਈ ਨ੍ਹੀ। ਵਾਧੂ ਦਾ ਸਿਆਪਾ ਮੁੱਕੂ।” ਭੰਦੇ ਦੀ ਇਸ ਟੋਕ ਤੇ ਸਾਰੇ ਖਿੜ-ਖਿੜਾ ਕੇ ਹੱਸਣ ਲੱਗੇ।  

“ਗੱਲ ਕੁਝ ਨਈਂ ਬੱਸ, ਸਾਡੇ ਲੋਕਾਂ ਨੂੰ ਸਿਆਣੇ ਬਣਨ ਦੀ ਲੋੜ ਇਆ। ਜਿਓਂ ਸਰਕਾਰਾਂ ਦਮਾਗ ਲਾ ਕੇ ਜੁਗਾੜ ਲਾਉਂਦੀਆਂ ਰਹਿੰਦੀਆਂ ਨਾ, ਬਈ ਜਿੰਮੀਦਾਰ ਦੇ ਪੱਲੇ, ਪੈਣ ਈਂ ਕੱਖ ਨਈਂ ਦੇਣਾ, ਬੱਸ ਉਂਝ ਈ ਜਿੰਮੀਦਾਰ ਨੂੰ ਵੀ ਸਿਆਣਾ ਬਣਨਾ ਪੈਣਾ ਅੱਜ ਦੇ ਜਮਾਨੇ ‘ਚ। ਆਹਾ ਕਾਮਨ ਸੈਂਸਾਂ ਨੇ ਕੁਝ ਨਹੀਂ ਸੌਰਨਾਂ (ਸਵਾਰਨਾਂ) ਇਹ ਤਾਂ ਲੋਕਾਂ ਦੇ ਅੱਖੀਂ ਘੱਟਾ ਪੌਣ ਨੂੰ ਇਆ ਬੱਸ।” ਬੂੜ ਸਿਓਂ ਨੇ ਗੱਲ ਮੁਕਾਈ।    

“...ਕਰਜੇ ਦੇ ਬੋਝ ਥੱਲੇ ਦੱਬੇ ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਆਤਮ ਹੱਤਿਆ ਭੰਦੇ ਕੋਲੋਂ ਅਖ਼ਬਾਰ ਦਾ ਹੇਠਲਾ ਸਫ਼ਾ ਖੋਹ ਕੇ ਵਾਧੂ ਟਿੱਚਰੀ ਨੇ ਜਦ ਇਕ ਹੋਰ ਖ਼ਬਰ ਪੜ੍ਹ ਕੇ ਸੁਣਾਈ ਤਾਂ ਢਾਣੀ ਵਿਚ ਇਕ ਡਰਾਉਣੀ ਜਹੀ ਚੁੱਪ ਛਾ ਗਈ। 

2 comments:

  1. ਕਾਮਨ ਸੈਂਸਾਂ’ ਨੇ ਕੀ ਸੌਰਨਾਂ ਹਾਸ ਵਿਅੰਗ ਰਾਹੀਂ ਬਹੁਤ ਹੀ ਗੰਭੀਰ ਮੁੱਦਾ ਉਠਾਇਆ ਗਿਆ ਹੈ। ਲਾਜਵਾਬ ਲਿਖਤ।
    ਪਿੰਡ ਦੀ ਸੱਥ ਨੂੰ ਜੀਵਤ ਵਾਰਤਾਲਾਪ ਰਾਹੀਂ ਪੇਸ਼ ਕਰ ਸਾਨੂੰ ਸੱਥ 'ਚ ਜਾ ਬੈਠਾਇਆ। ਪੜ੍ਹਦਿਆਂ ਇਓਂ ਲੱਗਾ ਜਿਵੇਂ ਓਸ ਸੱਥ ਦੇ ਇੱਕ ਕੋਨੇ ਬੈਠੇ ਇਹ ਸਭ ਕੁਝ ਸੁਣ ਰਹੇ ਹੋਈਏ। ਵਧੀਆ ਲਿਖਤ ਲਈ ਵਧਾਈ ਦੇ ਪਾਤਰ ਹੋ।
    ਇਸ ਵਾਰ ਵਕਫਾ ਕੁਝ ਜ਼ਿਆਦਾ (ਤਕਰੀਬਨ ਦੋ ਸਾਲ ) ਨਹੀਂ ਹੋ ਗਿਆ ਲਿਖਤ ਸਾਂਝੀ ਕਰਨ ਲਈ।
    ਹਰਦੀਪ

    ReplyDelete