Monday, July 16, 2012

ਹਾਇਕੁ ( ਸਾਉਣ ਮਹੀਨੇ ਦਾ ਪਹਿਲਾ-ਛੱਲਾ)




ਜੇਠ-ਹਾੜ੍ਹ ਦੀਆਂ ਧੁੱਪਾਂ ਦੀ ਤਪਸ਼ ਨੇ ਬਨਸਪਤੀ, ਜਨ-ਜੀਵਨ ਅਤੇ ਧਰਤੀ ਦੀਆਂ ਹੋਰ ਸਫ਼ਾਂ ਅੰਦਰ ਆਪਣਾ ਜੋ ਰੋਹਬ ਜਮਾ ਰੱਖਿਆ ਸੀ ਉਹ ਹੁਣ ਸਓਣ ਦੇ ਛੜਾਕਿਆਂ ਨਾਲ ਖਤਮ ਹੋ ਗਿਆ ਹੈ। ਇਸ ਦੀ ਤੁਲਨਾ ਜੇ ਕਿਸੇ ਜ਼ਾਲਮ ਰਾਜੇ ਦੇ ਰਾਜ-ਭਾਗ ਨਾਲ ਕਰ ਲਈ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਕਵਿਤਾ ਦੇ ਸੰਦਰਭ ਵਿਚ ਇਤਿਹਾਸ ਗਵਾਹ ਹੈ ਕਿ ਇਹ ਉਦੋਂ ਵੀ ਪੈਦਾ ਹੋਈ ਜਦੋਂ ਇਸ ਜ਼ਾਲਮ ਰਾਜ-ਭਾਗ ਦੀ ਨੀਂਹ ਰੱਖੀ ਜਾ ਰਹੀ ਸੀ ਅਤੇ ਕਵਿਤਾ ਨੇ ਇਸ ਨੂੰ ਖ਼ਤਮ ਹੁੰਦਿਆਂ ਦੇਖਿਆ ਤੇ ਗਾ ਕੇ ਵੀ ਸੁਣਾਇਆ ਹੈ। ਕਵਿਤਾ ਤਾਂ ਕਵਿਤਾ ਹੀ ਹੈ, ਚਾਹੇ ਇਹ ਜਾਪਾਨੀ ਕਾਵਿ-ਵਿਧਾ (ਹਾਇਕੁ) ਹੀ ਕਿਉਂ ਨਾ ਹੋਵੇ:

1.

ਤਪੀ ਧਰਤੀ
ਆ ਪਿਆ ਲੱਛੇਦਾਰ
ਪਹਿਲਾ-ਛੱਲਾ



2.


ਬੱਦਲ ਗੱਜੇ
ਆਸਮਾਨੀ ਬਿਜਲੀ
ਧਰਤੀ ਚੁੰਮੇ

3.

ਭਿੱਜੀ ਜ਼ੁਲਫ
ਤਿੱਪ-ਤਿੱਪ ਡਿੱਗੀਆਂ
ਇਕ-ਦੋ ਬੂੰਦਾਂ

4.

ਛੱਤੜੀ ਉਤੇ
ਛਿੱਟਾਂ ਦੀ ਕਿੜ-ਕਿੜ
ਸਾਉਣ ਵਰ੍ਹੇ


5.

ਚੜਦੀ ਪੀਂਘ
ਲਿਫੇ ਪਿਆ ਟਾਹਣ
ਸਾਉਣ ਵਿਚ

6.

ਪੁੱਤ ਸ਼ਰਾਬੀ
ਬਾਪੂ ਵੱਟਾਂ ਚੋਪੜੇ
ਛੱਨ 'ਤੇ ਛਿੱਟਾਂ



ਭੂਪਿੰਦਰ।

2 comments:

  1. ਜੀ ਹਾਂ ਬਿਲਕੁਲ ਠੀਕ ਕਿਹਾ ਕਿ ਜਦੋਂ ਕਵੀ ਮਨ ਨੂੰ ਕਿਸੇ ਵੀ ਗੱਲ ਨੇ ਪ੍ਰਭਾਵਿਤ ਕੀਤਾ ਤਾਂ ਓਸ ਨੇ ਕੋਰੇ ਪੰਨਿਆਂ 'ਤੇ ਉਕੇਰ ਦਿੱਤਾ। ਫੇਰ ਚਾਹੇ ਓਹ ਹਾਇਕੁ ਹੀ ਕਿਓਂ ਨਾ ਹੋਣ।
    ਸਾਉਣ ਦੇ ਛੱਲੇ, ਛੱਲ-ਛੱਲ ਕਰਦੇ ਵਿਹੜੇ ਨੂੰ ਛੱਲਕਾ ਗਏ ਤੇ ਨਾਲ਼ੇ ਚਿੱਤ ਨੂੰ ਭਰਮਾ ਗਏ।
    ਹਰਦੀਪ

    ReplyDelete
  2. ਭੂਪਿੰਦਰ ਵੀਰੇ,
    ਮੀਂਹਾਂ ਦੀ ਰੁੱਤ ਦਾ ਸੋਹਣਾ ਵਰਣਨ ਕੀਤਾ ਹੈ। ਜੇਠ ਹਾੜ ਦੀ ਤਪਸ਼ ਸਾਉਣ ਦੇ ਛੜਾਕਿਆਂ ਨੇ ਖਤਮ ਕਰ ਦਿੱਤੀ ਹੈ।
    ਬੱਦਲ ਗੱਜੇ
    ਆਸਮਾਨੀ ਬਿਜਲੀ
    ਧਰਤੀ ਚੁੰਮੇ
    ਵਧੀਆ ਹਾਇਕੁ !
    ਵਰਿੰਦਰਜੀਤ

    ReplyDelete